ਜਲੰਧਰ-ਪਠਾਨਕੋਟ ਹਾਈਵੇਅ ''ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ

Saturday, Sep 14, 2024 - 07:12 PM (IST)

ਜਲੰਧਰ-ਪਠਾਨਕੋਟ ਹਾਈਵੇਅ ''ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ

ਜਲੰਧਰ- ਮਹਾਨਗਰ ਜਲੰਧਰ ਵਿਚ ਲੁਟੇਰਿਆਂ ਨੇ ਹੌਂਸਲੇ ਦਿਨੋਂ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਰੋਜ਼ਾਨਾ ਲੁੱਟ ਦੀਆਂ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ, ਜਿਨ੍ਹਾਂ ਨੂੰ ਜਾਣ ਹਰ ਕੋਈ ਹੈਰਾਨ ਹੈ। ਤਾਜ਼ਾ ਮਾਮਲਾ ਬਿਆਸ ਪਿੰਡ ਨੇੜਿਓਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਿਆਸ ਪਿੰਡ ਨੇੜੇ ਵੀਰਵਾਰ ਦੇਰ ਰਾਤ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ 'ਤੇ ਤਿੰਨ ਲੁਟੇਰਿਆਂ ਨੇ ਦਾਤਰ ਨਾਲ ਹਮਲਾ ਕਰਕੇ 50 ਹਜ਼ਾਰ ਦੀ ਨਕਦੀ ਅਤੇ ਮੋਬਾਇਲ ਲੁੱਟ ਲਿਆ। ਦੋਵੇਂ ਜ਼ਖ਼ਮੀਆਂ ਨੇ ਨੇੜੇ ਹੀ ਢਾਬਾ ਸੰਚਾਲਕ ਕੋਲੋਂ ਮਦਦ ਮੰਗੀ ਤਾਂ ਉਸ ਨੇ ਕਾਰ ਵਿਚ ਤਿੰਨ ਕਿਲੋਮੀਟਰ ਤੱਕ ਪਿੱਛਾ ਕਰਕੇ ਇਕ ਮੁਲਜ਼ਮ ਨੂੰ ਅਤੇ ਦੂਜੇ ਮੁਲਜ਼ਮ ਨੂੰ 8 ਕਿਲੋਮੀਟਰ ਦੂਰ ਤੱਕ ਪਿੱਛਾ ਕਰਕੇ ਗ੍ਰਿਫ਼ਤਾਰ ਕਰ ਲਿਆ ਜਦਕਿ ਤੀਜਾ ਫਰਾਰ ਹੋ ਗਿਆ। 

ਘਟਨਾ ਸਬੰਧੀ ਜੰਮੂ ਨਿਵਾਸੀ ਟੈਂਕਰ ਚਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਹ ਵੀਰਵਾਰ ਰਾਤ ਆਪਣੇ ਸਾਥੀ ਪ੍ਰੇਮ ਚੰਦ ਨਾਲ ਕਠੂਆ ਤੋਂ ਟੈਂਕਰ (ਜੇ. ਕੇ. 02ਬੀ. 3929) ਖਾਲੀ ਕਰਵਾ ਕੇ ਜਲੰਧਰ ਵੱਲ ਆ ਰਿਹਾ ਸੀ। ਰਾਤ 11 ਵਜੇ ਭੋਗਪੁਰ ਪਾਰ ਕਰਕੇ ਡਿਨਰ ਕਰਨਾ ਸੀ। ਅਲਾਵਲਪੁਰ ਨੇੜੇ ਜਦੋਂ ਉਸ ਨੇ ਟੈਂਕਰ ਹੌਲੀ ਕੀਤਾ ਤਾਂ ਦੋ ਲੁਟੇਰੇ ਦੋਵੇਂ ਪਾਸਿਓਂ ਚੱਲਦੇ ਟਰੱਕ 'ਤੇ ਚੜ੍ਹ ਗਏ ਅਤੇ ਕੈਬਿਨ 'ਚ ਦਾਖ਼ਲ ਹੋ ਗਏ। ਟੈਂਕਰ 'ਚ ਦਾਖ਼ਲ ਹੋਏ ਲੁਟੇਰਿਆਂ ਨੇ ਲੁੱਟਖੋਹ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਵਿਰੋਧ ਕੀਤਾ ਤਾਂ ਉਸ ਨੇ ਮੇਰੇ ਅਤੇ ਮੇਰੇ ਦੋਸਤ ਪ੍ਰੇਮਚੰਦ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਹੈ। ਦੋਹਾਂ ਦੇ ਸਿਰਾਂ 'ਚੋਂ ਖ਼ੂਨ ਵਹਿਣ ਲੱਗਾ। ਲੁਟੇਰੇ ਟੈਂਕਰ ਦੇ ਕੈਬਿਨ ਵਿੱਚ ਲੁਕਾ ਕੇ ਰੱਖੇ 50 ਹਜ਼ਾਰ ਰੁਪਏ ਅਤੇ ਇਕ ਮੋਬਾਇਲ ਫੋਨ ਲੁੱਟ ਕੇ ਕਿਸ਼ਨਗੜ੍ਹ ਵੱਲ ਫ਼ਰਾਰ ਹੋ ਗਏ। ਪ੍ਰੇਮਚੰਦ ਅਤੇ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਅਸੀਂ ਥੋੜ੍ਹਾ ਅੱਗੇ ਜਾ ਕੇ ਬਿਆਸ ਪਿੰਡ ਨੇੜੇ ਇਕ ਢਾਬੇ 'ਤੇ ਟੈਂਕਰ ਰੋਕ ਲਿਆ ਅਤੇ ਢਾਬਾ ਮਾਲਕ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਜਲੰਧਰ ਦੀ ਖਿਡਾਰਣ ਪਲਕ ਕੋਹਲੀ ਦੇ ਮੁਰੀਦ ਹੋਏ PM ਨਰਿੰਦਰ ਮੋਦੀ, ਸੰਘਰਸ਼ ਦੀ ਕਹਾਣੀ ਜਾਣ ਕਰੋਗੇ ਸਲਾਮ

ਉਸ ਨੇ ਕੁਝ ਲੋਕਾਂ ਨਾਲ ਸਾਨੂੰ ਆਪਣੀ ਕਾਰ ਵਿਚ ਬਿਠਾ ਲਿਆ ਅਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਤਿੰਨ ਕਿਲੋਮੀਟਰ ਦੂਰ ਜਾ ਕੇ ਵੇਖਿਆ ਤਾਂ ਲੁਟੇਰੇ ਇਕ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਰਹੇ ਸਨ। ਜਿਵੇਂ ਹੀ ਉਹ ਰੁਕੇ ਤਾਂ ਬਾਈਕ ਸਵਾਰ ਦੋ ਲੁਟੇਰੇ ਫਰਾਰ ਹੋ ਗਏ ਜਦਕਿ ਬਾਈਕ ਤੋਂ ਹੇਠਾਂ ਉਤਰਿਆ ਹੋਇਆ ਲੁਟੇਰਾ ਫੜਿਆ ਗਿਆ। ਪੀ. ਸੀ. ਆਰ. ਦੀ ਮਦਦ ਨਾਲ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਦੇ ਬਾਅਦ ਢਾਬਾ ਮਾਲਕ ਨੇ ਕਾਲਾ ਬਕਰਾ ਸਥਿਤ ਹਸਪਤਾਲ ਵਿਚ ਇਲਾਜ ਕਰਵਾਇਆ ਅਤੇ ਆਪਣੇ ਢਾਬੇ 'ਤੇ ਖਾਣਾ ਖੁਆਇਆ। ਕਰੀਬ ਇਕ ਘੰਟੇ ਬਾਅਦ ਦੋਵੇਂ ਦੋਸ਼ੀ ਉਥੋਂ ਲੰਘੇ। ਉਨ੍ਹਾਂ ਦੀ ਮੋਟਰਸਾਈਕਲ 'ਤੇ ਲੱਗੀ ਨੀਲੇ ਰੰਗ ਦੀ ਲਾਈਟ ਤੋਂ ਮੈਂ ਲੁਟੇਰਿਆਂ ਨੂੰ ਪਛਾਣ ਲਿਆ। 

ਜਦੋਂ ਢਾਬਾ ਮਾਲਕ ਨੂੰ ਦੱਸਿਆ ਗਿਆ ਤਾਂ ਉਸ ਨੇ ਭੋਗਪੁਰ ਦੇ ਪਿੰਡ ਰੋਹੜੀ ਤੱਕ ਕਰੀਬ 8 ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ। ਆਪਣੇ ਆਪ ਨੂੰ ਇਕ ਵਾਰ ਫਿਰ ਤੋਂ ਘਿਰਿਆ ਵੇਖ ਕੇ ਮੁਲਜ਼ਮਾਂ ਨੇ ਮੋਟਰਸਾਈਕਲ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਅਤੇ ਭੱਜ ਗਏ। ਇਸ ਤੋਂ ਬਾਅਦ ਬਾਈਕ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਰਾਤ ਕਰੀਬ 2 ਵਜੇ ਲੁਟੇਰੇ ਪਿੰਡ ਜੱਲੋਵਾਲ ਦੇ ਇਕ ਢਾਬੇ 'ਤੇ ਪੁੱਜੇ ਅਤੇ ਕਿਹਾ ਕਿ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਉਸ ਢਾਬਾ ਮਾਲਕ ਨੂੰ ਵੀ ਪਤਾ ਸੀ, ਇਸ ਲਈ ਉਸ ਨੇ ਗੁਪਤ ਤਰੀਕੇ ਨਾਲ ਬਿਆਸ ਪਿੰਡ ਦੇ ਢਾਬੇ ਵਾਲੇ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਇਸ ਦੀ ਸੂਚਨਾ ਭੋਗਪੁਰ ਪੁਲਸ ਨੂੰ ਦਿੱਤੀ ਗਈ। ਲੋਕਾਂ ਨੇ ਦੂਜੇ ਲੁਟੇਰੇ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦਕਿ ਤੀਜਾ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਡਰਾਈਵਿੰਗ ਕਰਨ ਵਿਚ ਡਰ ਲੱਗਣ ਲੱਗਾ ਹੈ। 

ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਮੱਥਾ ਟੇਕਣ ਪਹੁੰਚਣ ਲੱਗੇ ਸ਼ਰਧਾਲੂ, ਕੀਤੇ ਖ਼ਾਸ ਪ੍ਰਬੰਧ

ਤਿੰਨ ਚੌਕੀ ਇੰਚਾਰਜਾਂ ਨੂੰ ਘਟਨਾ ਦੇ 19 ਘੰਟੇ ਬਾਅਦ ਵੀ ਅਲਾਵਲਪੁਰ ਨੇੜੇ ਇਕ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੂੰ ਲੁੱਟਣ ਅਤੇ ਜ਼ਖ਼ਮੀ ਕਰਨ ਦੀ ਘਟਨਾ ਦੀ ਜਾਣਕਾਰੀ ਨਹੀਂ ਹੈ। ਡਕੈਤੀ ਦੀ ਇਹ ਵਾਰਦਾਤ ਥਾਣਾ ਆਦਮਪੁਰ ਦੇ ਥਾਣਾ ਅਲਾਵਲਪੁਰ ਦੇ ਇਲਾਕੇ 'ਚ ਹੋਈ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਰਜਿੰਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਕਿਸ਼ਨਗੜ੍ਹ ਪੁਲੀਸ ਚੌਕੀ ਕਰਤਾਰਪੁਰ ਦੇ ਇੰਚਾਰਜ ਬਲਬੀਰ ਸਿੰਘ ਬੁੱਟਰ ਨੇ ਅਜਿਹੀ ਕਿਸੇ ਵੀ ਘਟਨਾ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਥਾਣਾ ਭੋਗਪੁਰ ਦੀ ਪੁਲੀਸ ਚੌਕੀ ਲਿੱਧੜਾਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਕੋਲ ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਨਹੀਂ ਹੈ। ਉਧਰ, ਸ਼ੁੱਕਰਵਾਰ ਦੇਰ ਸ਼ਾਮ ਭੋਗਪੁਰ ਥਾਣੇ ਦੇ ਐੱਸ. ਐੱਚ. ਓ .ਯਾਦਵਿੰਦਰ ਰਾਣਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News