ਪੰਜਾਬ ਪੁਲਸ ਦੇ ਸੇਵਾਮੁਕਤ ASI ਨੂੰ ਪਏ ਲੁਟੇਰੇ, ਇੱਟਾਂ ਨਾਲ ਕੀਤਾ ਹਮਲਾ

Friday, Sep 13, 2024 - 02:37 PM (IST)

ਪੰਜਾਬ ਪੁਲਸ ਦੇ ਸੇਵਾਮੁਕਤ ASI ਨੂੰ ਪਏ ਲੁਟੇਰੇ, ਇੱਟਾਂ ਨਾਲ ਕੀਤਾ ਹਮਲਾ

ਫਿਰੋਜ਼ਪੁਰ (ਮਲਹੋਤਰਾ) : ਮੋਟਰਸਾਈਕਲ ਸਵਾਰ 2 ਅਣਪਛਾਤੇ ਲੁਟੇਰਿਆਂ ਨੇ ਪੰਜਾਬ ਪੁਲਸ ਦੇ ਸੇਵਾਮੁਕਤ ਏ. ਐੱਸ. ਆਈ. ’ਤੇ ਲੁੱਟ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਪੀੜਤ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ। ਘਟਨਾ ਵੀਰਵਾਰ ਦੁਪਹਿਰ ਬਰਟ ਰੋਡ ’ਤੇ ਵਾਪਰੀ। ਸੇਵਾਮੁਕਤ ਏ. ਐੱਸ. ਆਈ. ਬਲਵੰਤ ਰਾਏ ਨੇ ਦੱਸਿਆ ਕਿ ਉਹ ਮੋਟਰਸਾਈਕਲ ਲੈ ਕੇ ਕੈਂਟ ਵੱਲ ਜਾ ਰਿਹਾ ਸੀ। ਜਦੋਂ ਉਹ ਗੋਬਿੰਦ ਨਗਰੀ ਤੋਂ ਆ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ 2 ਮੁੰਡਿਆਂ ’ਤੇ ਉਸ ਨੂੰ ਸ਼ੱਕ ਹੋਇਆ।

ਜਦੋਂ ਉਹ ਬਰਟ ਰੋਡ ’ਤੇ ਪਹੁੰਚਿਆ ਤਾਂ ਉਕਤ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਉਸ ਕੋਲੋਂ ਫੋਨ ਅਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਅਤੇ ਜਵਾਬ ’ਚ ਇੱਟਾਂ ਚਲਾਈਆਂ। ਮੁਲਜ਼ਮ ਗੋਬਿੰਦ ਨਗਰੀ ਦੀਆਂ ਗਲੀਆਂ ਦੇ ਰਸਤੇ ਫਰਾਰ ਹੋ ਗਏ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ’ਚ ਜੁੱਟ ਗਈ। ਪੀੜਤ ਬਲਵੰਤ ਰਾਏ ਨੇ ਕਿਹਾ ਕਿ ਇਸ ਸਮੇਂ ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਪੁਲਸ ਵਾਲੇ ਵੀ ਸੇਫ ਨਹੀਂ ਹਨ, ਆਮ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤੀ ਵਰਤਣ ਦੀ ਮੰਗ ਕੀਤੀ ਹੈ।


 


author

Babita

Content Editor

Related News