ਕੇਂਦਰੀ ਯੋਜਨਾ ਦੀ ਗ੍ਰਾਂਟ ''ਚ ਘਪਲਾ! ਨਕੋਦਰ ਦੇ ਮੁਲਾਜ਼ਮ ''ਤੇ ਡਿੱਗੀ ਗਾਜ਼

Tuesday, Sep 24, 2024 - 12:20 PM (IST)

ਕੇਂਦਰੀ ਯੋਜਨਾ ਦੀ ਗ੍ਰਾਂਟ ''ਚ ਘਪਲਾ! ਨਕੋਦਰ ਦੇ ਮੁਲਾਜ਼ਮ ''ਤੇ ਡਿੱਗੀ ਗਾਜ਼

ਨਕੋਦਰ (ਪਾਲੀ)- ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਤੇ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਸਕੀਮਾਂ ਤਹਿਤ ਉਨ੍ਹਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਹੈ ਪਰ ਏ ਕਲਾਸ ਨਗਰ ਕੌਂਸਲ ਨਕੋਦਰ ਵਿਚ ਇਸ ਦੇ ਸਬੰਧ ਵਿਚ ਇਕ ਘਪਲਾ ਹੋਇਆ, ਜਿੱਥੇ ਇਕ ਕਲਰਕ ਨਵੀ ਨਾਹਰ ਨੂੰ ਇਸ ਯੋਜਨਾ ਦੇ ਕੇਸਾਂ ’ਚ ਹੇਰ-ਫੇਰ ਕਰਨ ’ਤੇ ਕਾਰਜ ਸਾਧਕ ਅਫ਼ਸਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਜਿਸ ਦੀ ਪੁਸ਼ਟੀ ਕਾਰਜ ਸਾਧਕ ਅਫਸਰ ਨਕੋਦਰ ਰਣਧੀਰ ਸਿੰਘ ਨੇ ਕੀਤੀ।

ਇਹ ਖ਼ਬਰ ਵੀ ਪੜ੍ਹੋ - ਘਰੋਂ ਭੱਜੀ ਕੁੜੀ ਨੰ ਗੁਆਉਣੀ ਪਈ ਜਾਨ! ਹੈਰਾਨ ਕਰੇਗਾ ਪੂਰਾ ਮਾਮਲਾ

ਇਸ ਮਾਮਲੇ ’ਚ ਘਪਲਾ ਕਿੰਨਾ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਲਰਕ ਨਵੀ ਨਾਹਰ, ਜੋ ਨਕੋਦਰ ਨਗਰ ਕੌਂਸਲ ਦਫਤਰ ਵਿਖੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਕੇਸਾਂ ਦਾ ਕੰਮ ਦੇਖਦਾ ਸੀ, ਉਕਤ ਸਕੀਮ ਅਧੀਨ ਸਰਕਾਰ ਵੱਲੋਂ ਪ੍ਰਾਪਤ ਹੋਈ ਗ੍ਰਾਂਟ ਦੀ ਰਾਸ਼ੀ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰਨ ਦਾ ਕੰਮ ਵੀ ਉਸ ਵੱਲੋਂ ਹੀ ਕੀਤਾ ਜਾਂਦਾ ਸੀ। ਇਸ ਦਫਤਰ ਦੇ ਧਿਆਨ ਵਿਚ ਆਇਆ ਕਿ ਕੁਝ ਕੇਸਾਂ ਵਿਚ ਲਾਭਪਾਤਰੀਆਂ ਦੇ ਬਣਦੇ ਹਿੱਸੇ ਦੀ ਰਾਸ਼ੀ ਉਨ੍ਹਾਂ ਦੇ ਖਾਤੇ ਵਿਚ ਟਰਾਂਸਫਰ ਕਰਨ ਸਮੇਂ ਇਸ ਕਰਮਚਾਰੀ ਵੱਲੋਂ ਹੇਰ-ਫੇਰ ਕਰ ਕੇ ਅਣਗਹਿਲੀ ਵਰਤੀ ਗਈ ਹੈ।

ਰਿਕਾਰਡ ਚੈੱਕ ਕਰਨ ਉਪਰੰਤ ਕਾਫੀ ਊਣਤਾਈਆਂ ਪਾਈਆਂ ਗਈਆਂ। ਕਲਰਕ ਵੱਲੋਂ ਵਰਤੀ ਗਈ ਅਣਗਹਿਲੀ ਸਬੰਧੀ ਪਹਿਲਾਂ ਵੀ ਦਫਤਰ ਵੱਲੋਂ ਪੱਤਰ ਨੰ. 1848 ਮਿਤੀ. 06-09-2024 ਜਾਰੀ ਕੀਤਾ ਗਿਆ ਪਰ ਉਕਤ ਕਰਮਚਾਰੀ ਵੱਲੋਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ, ਜੋ ਉਕਤ ਕਰਮਚਾਰੀ ਵੱਲੋਂ ਡਿਊਟੀ ਪ੍ਰਤੀ ਅਣਗਹਿਲੀ ਅਤੇ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਇਸ ਲਈ ਕਲਰਕ ਨਵੀ ਨਾਹਰ ਨੂੰ ਡਿਊਟੀ ਪ੍ਰਤੀ ਕੀਤੀ ਗਈ ਅਣਗਹਿਲੀ ਅਤੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।

ਪ੍ਰਧਾਨ ਨੇ ਮੰਗੀ ਮਾਮਲੇ ਦੀ ਰਿਪੋਰਟ

ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਐਰੀ ਨੇ ਕਿਹਾ ਕਿ ਉਕਤ ਕਲਰਕ ਵੱਲੋਂ ਪ੍ਰਧਾਨ ਮੰਤਰੀ ਸ਼ਹਿਰੀ ਅਾਵਾਸ ਯੋਜਨਾ ਦੇ ਕੇਸਾਂ ਵਿਚ ਹੇਰ-ਫੇਰ ਕਰਨ ਦੇ ਮਾਮਲੇ ’ਚ ਕਾਰਜ ਸਾਧਕ ਅਫ਼ਸਰ ਤੋਂ ਰਿਪੋਰਟ ਮੰਗੀ ਗਈ ਹੈ। ਉਹ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤੇ ਸਖ਼ਤ ਹੁਕਮ!

ਵਿਜੀਲੈਂਸ ਤੋਂ ਕਰਵਾਈ ਜਾਵੇਗੀ ਜਾਂਚ: MLA

ਇਸ ਸਬੰਧ ਵਿਚ ਹਲਕਾ ਵਿਧਾਇਕਾ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਘਪਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇਗੀ। ਉਨ੍ਹਾਂ ਸਪਸ਼ਟ ਕਿਹਾ ਕਿ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ’ਚ ਘਪਲੇਬਾਜ਼ੀ ਜਾਂ ਹੇਰ-ਫੇਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਨਗਰ ਕੌਂਸਲ ਨਕੋਦਰ ਘਪਲਿਆਂ ਦਾ ਗੜ੍ਹ ਬਣ ਚੁੱਕੀ ਹੈ। ਇਹ ਘਪਲੇ ਪਿਛਲੀਆਂ ਸਰਕਾਰਾਂ ਤੋਂ ਚੱਲੇ ਆ ਰਹੇ ਹਨ। ਇਸ ਦੇ ਚੁਣੇ ਹੋਏ ਨੁਮਾਇੰਦੇ ਬੈਠ ਕੇ ਚਲੇ ਜਾਂਦੇ ਹਨ। ਉਨ੍ਹਾਂ ਦਾ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਹੈ ਤੇ ਨਾ ਹੀ ਮੁਲਾਜ਼ਮਾਂ ’ਤੇ ਕੋਈ ਕੰਟਰੋਲ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News