ਦੋ ਭਰਾਵਾਂ ਨੇ ਤੀਜੇ ’ਤੇ ਪੈਟਰੋਲ ਛਿੜਕ ਕੇ ਲਾਈ ਅੱਗ, ਬਚਾਅ ਕਰਨ ਆਏ ਭਰਾ ਦੀ ਤੋੜੀ ਬਾਂਹ

Wednesday, Apr 08, 2026 - 02:14 PM (IST)

ਦੋ ਭਰਾਵਾਂ ਨੇ ਤੀਜੇ ’ਤੇ ਪੈਟਰੋਲ ਛਿੜਕ ਕੇ ਲਾਈ ਅੱਗ, ਬਚਾਅ ਕਰਨ ਆਏ ਭਰਾ ਦੀ ਤੋੜੀ ਬਾਂਹ

ਮੋਹਾਲੀ (ਜੱਸੀ) : ਪਿੰਡ ਜੈਅੰਤੀ ਮਾਜਰੀ ’ਚ ਪਰਿਵਾਰਕ ਰੰਜਿਸ਼ ਨੇ ਖੌਫ਼ਨਾਕ ਰੂਪ ਧਾਰ ਲਿਆ, ਜਿੱਥੇ ਦੋ ਭਰਾਵਾਂ ਨੇ ਮਿਲ ਕੇ ਆਪਣੇ ਹੀ ਤੀਜੇ ਭਰਾ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਇਸ ਦਿਲ ਦਹਿਲਾਉਣੀ ਘਟਨਾ ’ਚ ਪੀੜਤ ਨੌਜਵਾਨ ਦੀ ਜਾਨ ਤਾਂ ਕਿਸੇ ਤਰ੍ਹਾਂ ਬਚ ਗਈ ਪਰ ਉਸ ਦਾ ਚਿਹਰਾ, ਕੰਨ, ਗਲਾ ਤੇ ਸਰੀਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਸੜ ਗਿਆ। ਦੋਵੇਂ ਮੁਲਜ਼ਮ ਇੱਥੇ ਹੀ ਨਹੀਂ ਰੁਕੇ ਤੇ ਬਚਾਅ ਕਰਨ ਆਏ ਭਰਾ ਦੀ ਬਾਂਹ ਤੋੜ ਦਿੱਤੀ। ਇਸ ਸਬੰਧੀ ਥਾਣਾ ਮੁੱਲਾਂਪੁਰ ਦੇ ਮੁਖੀ ਅਮਨ ਤਰੀਕਾ ਨੇ ਦੱਸਿਆ ਕਿ ਪੁਲਸ ਨੇ ਬਰਜੇਸ਼ ਤੇ ਰਤੀ ਭਾਨ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਜ਼ਖ਼ਮੀ ਰਾਜੇਸ਼ ਕੁਮਾਰ ਮੁਤਾਬਕ ਉਸ ਨੇ ਸਾਲ 2024 ’ਚ ਪ੍ਰੇਮ ਵਿਆਹ ਕੀਤਾ ਸੀ। ਉਸ ਦੀ ਪਤਨੀ ਐੱਸ. ਸੀ. ਜਾਤੀ ਨਾਲ ਸਬੰਧਿਤ ਹੈ। ਇਸ ਕਾਰਨ ਉਸ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ਼ ਸੀ। ਇਸ ਗੱਲ ਨੂੰ ਲੈ ਕੇ ਘਰ ’ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ ਤੇ ਪਰਿਵਾਰਕ ਤਣਾਅ ਲਗਾਤਾਰ ਵੱਧ ਰਿਹਾ ਸੀ।
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਪੀੜਤ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ 21 ਮਾਰਚ ਸਵੇਰ ਕਰੀਬ 6:15 ਵਜੇ ਜਦੋਂ ਉਹ ਘਰ ਦੇ ਬਰਾਂਡੇ ’ਚ ਫੋਨ ਚਾਰਜ ਕਰਨ ਲਈ ਗਿਆ ਤਾਂ ਉਸ ਦੇ ਦੋਵੇਂ ਭਰਾ ਬਰਜੇਸ਼ ਤੇ ਰਤੀ ਭਾਨ ਉੱਥੇ ਆ ਗਏ। ਇਸ ਦੌਰਾਨ ਬਰਜੇਸ਼ ਨੇ ਉਸ ’ਤੇ ਪੈਟਰੋਲ ਸੁੱਟ ਦਿੱਤਾ, ਜਿਸ ਨਾਲ ਉਹ ਪੂਰੀ ਤਰ੍ਹਾਂ ਭਿੱਜ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਪਾਉਂਦਾ, ਰਤੀ ਭਾਨ ਨੇ ਲਾਈਟਰ ਨਾਲ ਉਸ ਨੂੰ ਅੱਗ ਲਾ ਦਿੱਤੀ। ਅੱਗ ਲੱਗਣ ਤੋਂ ਬਾਅਦ ਰਾਜੇਸ਼ ਨੇ ਰੌਲਾ ਪਾਇਆ ਤਾਂ ਉਸ ਦੀ ਪਤਨੀ ਤੇ ਭਰਾ ਦੁਰਵੇਸ਼ ਉਸ ਦੀ ਮਦਦ ਲਈ ਦੌੜੇ ਪਰ ਹਮਲਾਵਰਾਂ ਨੇ ਦੁਰਵੇਸ਼ ਨੂੰ ਵੀ ਨਹੀਂ ਛੱਡਿਆ। ਰਤੀ ਭਾਨ ਨੇ ਰਾਡ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਬਾਂਹ ਟੁੱਟ ਗਈ। ਗੰਭੀਰ ਰੂਪ ’ਚ ਸੜੇ ਰਾਜੇਸ਼ ਤੇ ਜ਼ਖ਼ਮੀ ਦੁਰਵੇਸ਼ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ। ਉੱਥੇ ਮੁੱਢਲਾ ਇਲਾਜ ਦੇਣ ਤੋਂ ਬਾਅਦ ਡਾਕਟਰਾਂ ਨੇ ਰਾਜੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਪਰਿਵਾਰਕ ਰੰਜਿਸ਼ ਦਾ ਖੌਫ਼ਨਾਕ ਅੰਜਾਮ
ਇਹ ਘਟਨਾ ਇਕ ਵਾਰ ਫਿਰ ਦੱਸਦੀ ਹੈ ਕਿ ਜਦੋਂ ਪਰਿਵਾਰਕ ਰੰਜਿਸ਼ ਤੇ ਸਮਾਜਿਕ ਸੋਚ ਹੱਦਾਂ ਪਾਰ ਕਰ ਜਾਂਦੀ ਹੈ ਤਾਂ ਉਹ ਕਿੰਨੀ ਭਿਆਨਕ ਵਾਰਦਾਤਾਂ ਨੂੰ ਜਨਮ ਦੇ ਸਕਦੀ ਹੈ। ਇਸ ਹਾਦਸੇ ਨੇ ਪੂਰੇ ਇਲਾਕੇ ’ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਘਟਨਾ ਇਕ ਵਾਰ ਫਿਰ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਜਾਤੀ ਵਿਵਾਦ ਤੇ ਘਰੇਲੂ ਅਸਹਿਮਤੀਆਂ ਕਿਸ ਘਾਤਕ ਰੂਪ ’ਚ ਬਦਲ ਸਕਦੀਆਂ ਹਨ। ਇਕ ਪਰਿਵਾਰ ’ਚ ਇਕ ਵਿਆਹ ਨੂੰ ਲੈ ਕੇ ਇੰਨੀ ਬੇਰਹਿਮੀ ਤੱਕ ਪਹੁੰਚਣਾ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਹੈ। ਅਜਿਹੀਆਂ ਘਟਨਾਵਾਂ ਤੋਂ ਸਮਾਜ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਨਫ਼ਰਤ ਤੇ ਗੁੱਸੇ ਨੂੰ ਕਦੇ ਵੀ ਇਸ ਤਰ੍ਹਾਂ ਹਾਵੀ ਨਾ ਹੋਣ ਦਿਓ।


author

Babita

Content Editor

Related News