ਕੂੜਾ ਵੱਖ ਨਾ ਕਰਨ ’ਤੇ ਨਿਗਮ ਕੱਟੇਗਾ ਚਲਾਨ, 4 ਡਸਟਬਿਨ ਸਿਸਟਮ ਕੀਤਾ ਲਾਜ਼ਮੀ

Wednesday, Apr 01, 2026 - 11:36 AM (IST)

ਕੂੜਾ ਵੱਖ ਨਾ ਕਰਨ ’ਤੇ ਨਿਗਮ ਕੱਟੇਗਾ ਚਲਾਨ, 4 ਡਸਟਬਿਨ ਸਿਸਟਮ ਕੀਤਾ ਲਾਜ਼ਮੀ

ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਨਗਰ ਨਿਗਮ ਨੇ ਸਖ਼ਤ ਕਦਮ ਚੁੱਕਦਿਆਂ ਸ਼ਹਿਰ ਦੇ ਸਾਰੇ ਘਰਾਂ ਤੇ ਵਪਾਰਕ ਅਦਾਰਿਆਂ ਲਈ 4-ਬਿਨ (ਚਾਰ ਡਸਟਬਿਨ) ਕੂੜਾ ਵੱਖ ਕਰਨ ਦਾ ਸਿਸਟਮ ਲਾਜ਼ਮੀ ਕਰ ਦਿੱਤਾ ਹੈ। ਇਸ ਨਿਯਮ ਦੀ ਉਲੰਘਣਾ ਕਰਨ ਜਾਂ ਕੂੜਾ ਮਿਕਸ ਕਰਨ ਵਾਲਿਆਂ ਖ਼ਿਲਾਫ਼ ਨਿਗਮ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ। ਇਹ ਅਹਿਮ ਫ਼ੈਸਲਾ ਨਿਗਮ ਕਮਿਸ਼ਨਰ ਅਮਿਤ ਕੁਮਾਰ (ਆਈ. ਏ. ਐੱਸ.) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ। ਇਸ ਮੌਕੇ ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਸੰਯੁਕਤ ਕਮਿਸ਼ਨਰ ਹਿਮਾਂਸ਼ੂ ਗੁਪਤਾ ਸਮੇਤ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸ਼ਹਿਰ ’ਚ ਕੂੜਾ ਪ੍ਰਬੰਧਣ ਦੀ ਸਥਿਤੀ ਨੂੰ ਸੁਧਾਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਨਵੇਂ ਨਿਯਮਾਂ ਤਹਿਤ ਕੂੜਾ ਚਾਰ ਵੱਖ-ਵੱਖ ਡਸਟਬਿਨਾਂ ’ਚ ਪਾਉਣਾ ਹੋਵੇਗਾ
ਨਵੇਂ ਨਿਯਮਾਂ ਤਹਿਤ ਹਰੇਕ ਨੂੰ ਸਰੋਤ ’ਤੇ ਹੀ ਕੂੜਾ ਚਾਰ ਵੱਖ-ਵੱਖ ਡਸਟਬਿਨਾਂ ’ਚ ਪਾਉਣਾ ਹੋਵੇਗਾ। ਇਸ ਸਿਸਟਮ ਅਨੁਸਾਰ ਹਰੇ ਰੰਗ ਦੇ ਡਸਟਬਿਨ ’ਚ ਰਸੋਈ ਦਾ ਗਿੱਲਾ ਕੂੜਾ ਤੇ ਨੀਲੇ ਡਸਟਬਿਨ ’ਚ ਕਾਗਜ਼, ਪਲਾਸਟਿਕ ਤੇ ਧਾਤ ਵਰਗਾ ਸੁੱਕਾ ਕੂੜਾ ਪਾਉਣਾ ਲਾਜ਼ਮੀ ਹੈ। ਇਸੇ ਤਰ੍ਹਾਂ ਕਾਲੇ ਡਸਟਬਿਨ ’ਚ ਘਰੇਲੂ ਖ਼ਤਰਨਾਕ ਰਹਿੰਦ-ਖੂੰਹਦ, ਜਦਕਿ ਲਾਲ ਡਸਟਬਿਨ ’ਚ ਬਾਇਓ-ਮੈਡੀਕਲ ਤੇ ਸੈਨੇਟਰੀ ਕੂੜਾ ਜਿਵੇਂ ਕਿ ਵਰਤੇ ਹੋਏ ਮਾਸਕ, ਦਸਤਾਨੇ, ਪੱਟੀਆਂ ਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਪਾਈਆਂ ਜਾਣਗੀਆਂ। ਨਿਗਮ ਵੱਲੋਂ ਜਲਦੀ ਹੀ ਸ਼ਹਿਰ ਦੇ ਸਾਰੇ ਸੈਕਟਰਾਂ ’ਚ ਵਿਆਪਕ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜੇਕਰ ਕੋਈ ਵੀ ਘਰ, ਦੁਕਾਨਦਾਰ ਜਾਂ ਵਪਾਰਕ ਅਦਾਰਾ ਕੂੜਾ ਮਿਕਸ ਕਰਦਾ ਮਿਲਿਆ ਜਾਂ ਤੈਅ ਸਿਸਟਮ ਦੀ ਪਾਲਣਾ ਨਾ ਕੀਤੀ ਤਾਂ ਮਿਊਂਸੀਪਲ ਨਿਯਮਾਂ ਤਹਿਤ ਮੌਕੇ ’ਤੇ ਹੀ ਜੁਰਮਾਨਾ ਲਾਇਆ ਜਾਵੇਗਾ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਹਿਲ ਕਦਮੀ ਦਾ ਮੁੱਖ ਮਕਸਦ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣਾ, ਰੀਸਾਈਕਲਿੰਗ ਸਮਰੱਥਾ ਨੂੰ ਵਧਾਉਣਾ ਤੇ ਡੰਪਿੰਗ ਗਰਾਊਂਡ ’ਤੇ ਪੈ ਰਹੇ ਬੋਝ ਨੂੰ ਘਟਾਉਣਾ ਹੈ। ਨਿਗਮ ਨੇ ਲੋਕਾਂ ਦੀ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
 


author

Babita

Content Editor

Related News