ਅਗਵਾ ਦੀ ਵਾਰਦਾਤ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

Friday, Apr 03, 2026 - 01:23 PM (IST)

ਅਗਵਾ ਦੀ ਵਾਰਦਾਤ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਖਰੜ (ਗਗਨਦੀਪ) : ਖਰੜ ਪੁਲਸ ਵੱਲੋਂ ਅਗਵਾ ਦੀ ਵਾਰਦਾਤ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਨੌਜਵਾਨ ਨੂੰ ਸਹੀ-ਸਲਾਮਤ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਅਵਿਦੇਸ਼ ਸਿੰਘ ਰਾਜਪੂਤ ਪੁੱਤਰ ਚੰਦਰ ਸਿੰਘ ਵਾਸੀ ਫਲੈਟ-44-ਏ ਅਰਬਨ ਹੋਮਸ ਜੀ. ਟੀ. ਪੀ. ਨਗਰ ਖਰੜ ਜੋ ਕਿ ਵਿਦਿਆਰਥੀ ਹੈ, ਉਹ 30 ਮਾਰਚ ਨੂੰ ਦੋਸਤ ਵਿਨਾਇਕ ਦੀ ਫਲੈਟ-48 ਅਪਰ ਪਾਮ ਮਿਡੋਸ ਨੇੜੇ ਮਾਤਾ ਗੁਜਰੀ ਰੋਡ ਖਰੜ ਗਿਆ ਸੀ। ਤਕਰੀਬਨ 10 ਵਜੇ ਕੁੱਝ ਸਾਮਾਨ ਲੈਣ ਲਈ ਮਾਰਕੀਟ ਗਿਆ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਨਾਲ ਲੜਾਈ-ਝਗੜਾ ਕੀਤਾ ਗਿਆ ਤੇ ਜ਼ਬਰਦਸਤੀ ਗੱਡੀ ’ਚ ਅਗਵਾ ਕਰਕੇ ਲੈ ਗਏ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਅਤੇ ਇਕ ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਦੋਸਤਾਂ ਪਾਸੋਂ 5000 ਰੁਪਏ ਕਿਸੇ ਅਣਪਛਾਤੀ ਕੁੜੀ ਦੇ ਖ਼ਾਤੇ ’ਚ ਗੂਗਲ ਪੇਅ ਰਾਹੀਂ ਟਰਾਂਸਫਰ ਕਰਾਏ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਵੱਖ-ਵੱਖ ਟੀਮਾਂ ਲਗਾ ਕੇ ਪੀੜਤ ਨੂੰ ਕੁੱਝ ਘੰਟਿਆਂ ’ਚ ਹੀ ਸੁਰੱਖਿਅਤ ਬਰਾਮਦ ਕੀਤਾ ਤੇ ਇਸ ਵਾਰਦਾਤ ’ਚ ਸ਼ਾਮਲ ਪੰਜ ਵਿਅਕਤੀਆਂ ’ਚੋਂ ਚਾਰ ਨੂੰ ਕਾਬੂ ਕਰ ਲਿਆ ਹੈ।
ਵਾਰਦਾਤ ’ਚ ਵਰਤੀ ਕਾਰ ਤੇ ਕਿਰਪਾਨ ਬਰਾਮਦ
ਮੁਲਜ਼ਮਾਂ ਦੀ ਪਛਾਣ ਤਨਵੀਰ ਕੌਰ ਵਾਸੀ ਚੰਡੀਗੜ੍ਹ, ਜਸਪ੍ਰੀਤ ਸਿੰਘ ਵਾਸੀ ਪਿੰਡ ਕਿਸ਼ਨਪੁਰਾ, ਉਦੇ ਸ਼ਰਮਾ ਵਾਸੀ ਕੁਰਾਲੀ, ਰਸ਼ਪਾਲ ਸਿੰਘ ਤੇ ਲਵਪ੍ਰੀਤ ਸਿੰਘ ਵਾਸੀ ਝਿੰਗੜਾਂ ਕਲਾਂ ਨੂੰ ਨਾਮਜ਼ਦ ਕਰਕੇ ਲਵਪ੍ਰੀਤ ਸਿੰਘ, ਉਦੇ ਸ਼ਰਮਾ, ਪ੍ਰਿੰਸ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਪੁੱਛਗਿਛ ਕੀਤੀ ਜਾਵੇਗੀ। ਮੁਲਜ਼ਮਾਂ ਪਾਸੋ ਵਾਰਦਾਤ ’ਚ ਵਰਤੀ ਮਾਰੂਤੀ ਕਾਰ ਤੇ ਕਿਰਪਾਨ ਵੀ ਬਰਾਮਦ ਕੀਤੀ ਗਈ ਹੈ।


author

Babita

Content Editor

Related News