ਜ਼ਿੰਦਗੀ ਨੂੰ ਸਲਾਮ: 95 ਸਾਲਾ ਬਜ਼ੁਰਗ ਨੇ ਜਿਉਂਦੇ ਜੀਅ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ

Wednesday, Jul 15, 2026 - 04:27 PM (IST)

ਜ਼ਿੰਦਗੀ ਨੂੰ ਸਲਾਮ: 95 ਸਾਲਾ ਬਜ਼ੁਰਗ ਨੇ ਜਿਉਂਦੇ ਜੀਅ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ

ਮਹਿਲ ਕਲਾਂ (ਲਕਸ਼ਦੀਪ ਗਿੱਲ): ਅੱਜ ਦੇ ਦੌਰ ਵਿਚ ਜਿੱਥੇ ਬਹੁਤੇ ਲੋਕ ਮੌਤ ਦੇ ਜ਼ਿਕਰ ਤੋਂ ਵੀ ਘਬਰਾਉਂਦੇ ਹਨ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਦੇ 95 ਸਾਲਾ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਸਵਰਗੀ ਚੰਨਣ ਸਿੰਘ ਨੇ ਆਪਣੀ ਵਿਲੱਖਣ ਸੋਚ ਅਤੇ ਦੂਰਅੰਦੇਸ਼ੀ ਨਾਲ ਅਜਿਹਾ ਉਦਾਹਰਨ ਪੇਸ਼ ਕੀਤਾ ਹੈ, ਜੋ ਸਮਾਜ ਨੂੰ ਜ਼ਿੰਦਗੀ ਨੂੰ ਸਕਾਰਾਤਮਕ ਢੰਗ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਅਤੇ ਚੜ੍ਹਦੀ ਕਲਾ ਵਿਚ ਰਹਿ ਰਹੇ ਬਾਪੂ ਪ੍ਰਕਾਸ਼ ਸਿੰਘ ਨੇ ਆਪਣੀ ਸਵੈ ਇੱਛਾ ਨਾਲ ਜਿਉਂਦੇ ਜੀਅ ਹੀ ਆਪਣੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਵਿਲੱਖਣ ਉਪਰਾਲੇ ਦੀ ਇਲਾਕੇ ਭਰ ਵਿਚ ਚਰਚਾ ਹੋ ਰਹੀ ਹੈ ਅਤੇ ਹਰ ਕੋਈ ਉਨ੍ਹਾਂ ਦੀ ਸੋਚ ਦੀ ਪ੍ਰਸ਼ੰਸਾ ਕਰ ਰਿਹਾ ਹੈ।

ਬਾਪੂ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪਿੰਡ ਸਹਿਜੜਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਸਮੂਹ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਭੋਗ ਸਮਾਗਮ ਵਿਚ ਰਿਸ਼ਤੇਦਾਰ ਅਤੇ ਜਾਣ-ਪਛਾਣ ਵਾਲੇ ਇਕੱਠੇ ਹੁੰਦੇ ਹਨ, ਪਰ ਜਿਸ ਦੇ ਨਾਮ 'ਤੇ ਸਮਾਗਮ ਹੁੰਦਾ ਹੈ, ਉਹ ਖ਼ੁਦ ਉਸ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਲਈ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਜਿਉਂਦੇ ਜੀਅ ਹੀ ਆਪਣੇ ਸਾਕ-ਸੰਬੰਧੀਆਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨਾਲ ਮਿਲਣ, ਉਨ੍ਹਾਂ ਦਾ ਪਿਆਰ ਅਤੇ ਅਸੀਸਾਂ ਪ੍ਰਾਪਤ ਕਰਨ ਅਤੇ ਸਾਰਿਆਂ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ, ਬਾਪੂ ਪ੍ਰਕਾਸ਼ ਸਿੰਘ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਹੱਸਦੇ-ਖੇਡਦੇ ਮਿਲਣਾ ਅਤੇ ਖੁਸ਼ੀਆਂ ਸਾਂਝੀਆਂ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਜਿਉਂਦੇ ਜੀਅ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਜੀਵਨ ਦੌਰਾਨ ਹੀ ਨੇਕ ਕਰਮ ਕਰਦੇ ਹੋਏ ਪਰਿਵਾਰ, ਸਮਾਜ ਅਤੇ ਰੱਬ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ, ਉਨ੍ਹਾਂ ਦੀ ਇਹ ਸੋਚ ਕੇਵਲ ਇਕ ਨਿੱਜੀ ਫ਼ੈਸਲਾ ਨਹੀਂ, ਸਗੋਂ ਸਮਾਜ ਲਈ ਇਕ ਪ੍ਰੇਰਣਾਦਾਇਕ ਸੰਦੇਸ਼ ਹੈ ਕਿ ਜ਼ਿੰਦਗੀ ਦਾ ਹਰ ਪਲ ਪਿਆਰ, ਖੁਸ਼ੀ ਅਤੇ ਸ਼ੁਕਰਾਨੇ ਨਾਲ ਜਿਉਣਾ ਚਾਹੀਦਾ ਹੈ।

ਬਾਪੂ ਦੇ ਇਸ ਵਿਲੱਖਣ ਫ਼ੈਸਲੇ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਸਤਨਾਮ ਸਿੰਘ, ਪ੍ਰਦੀਪ ਸਿੰਘ ਅਤੇ ਮਨੀ ਸਿੰਘ ਸਮਾਗਮ ਦੀਆਂ ਤਿਆਰੀਆਂ ਵਿੱਚ ਉਤਸ਼ਾਹ ਨਾਲ ਜੁਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਦਾਦਾ ਜੀ ਦੀ ਇੱਛਾ ਅਨੁਸਾਰ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ, ਜਦਕਿ ਪਿੰਡ ਵਾਸੀਆਂ ਨੂੰ ਵੀ ਇਸ ਸ਼ੁਕਰਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ। 95 ਸਾਲ ਦੀ ਉਮਰ ਵਿਚ ਵੀ ਚੁਸਤ-ਦਰੁਸਤ ਅਤੇ ਚੜ੍ਹਦੀ ਕਲਾ ਵਿਚ ਰਹਿ ਰਹੇ ਬਾਪੂ ਪ੍ਰਕਾਸ਼ ਸਿੰਘ ਦਾ ਇਹ ਉਪਰਾਲਾ ਇਲਾਕੇ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਹਰ ਕੋਈ ਉਨ੍ਹਾਂ ਦੀ ਸੋਚ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਇਸ ਨੂੰ ਜ਼ਿੰਦਗੀ ਨੂੰ ਜਿਉਂਦੇ ਜੀਅ ਮਨਾਉਣ, ਰਿਸ਼ਤਿਆਂ ਨੂੰ ਨਿਭਾਉਣ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦਾ ਵਿਲੱਖਣ ਸੰਦੇਸ਼ ਮੰਨ ਰਿਹਾ ਹੈ।
 


author

Anmol Tagra

Content Editor

Related News