"ਉਹ ਮੇਰਾ ਛੋਟਾ ਭਰਾ ਹੈ..." ਸੀਨੀਅਰ ਲੀਡਰ ਦੇ ਘਰ ਪਹੁੰਚੇ ਚੰਨੀ ਨੇ ਆਖ਼''ਤੀਆਂ ਵੱਡੀਆਂ ਗੱਲਾਂ
Thursday, Oct 22, 2026 - 07:15 PM (IST)
ਲਹਿਰਾਗਾਗਾ (ਗਰਗ): ਬੀਤੇ ਦਿਨੀਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਲਹਿਰਾ ਦੇ ਪਿੰਡ ਅਲੀਸ਼ੇਰ ਦੇ ਸੜਕ ਹਾਦਸੇ ਦੇ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਤੋਂ ਪਹਿਲਾਂ ਲਹਿਰਾਗਾਗਾ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਨਿਵਾਸ ਸਥਾਨ ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸੂਬੇ ਦੇ ਦਿੱਗਜ ਆਗੂ ਹਨ ਤੇ ਬੀਬੀ ਭੱਠਲ ਦਾ ਬੇਟਾ ਕਿਸਾਨ ਕਾਂਗਰਸ ਦਾ ਨੈਸ਼ਨਲ ਕੋਆਰਡੀਨੇਟਰ ਰਾਹੁਲ ਸਿੱਧੂ ਮੇਰਾ ਛੋਟਾ ਭਰਾ ਹੈ।
ਉਨ੍ਹਾਂ ਕਿਹਾ ਕਿ ਲੋਕ ਕਾਂਗਰਸੀ ਆਗੂ ਤੇ ਵਰਕਰ ਭੱਠਲ ਪਰਿਵਾਰ ਨੂੰ ਹਲਕੇ ਵਿਚ ਮਜਬੂਤ ਕਰਨ, ਮੈਂ 100% ਤੁਹਾਡੇ ਨਾਲ ਹਾਂ। ਚੰਨੀ ਦਾ ਉਕਤ ਭਾਸ਼ਣ ਸੁਣਦਿਆਂ ਹੀ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਚਿਹਰਿਆਂ 'ਤੇ ਵੱਖਰੀ ਰੌਣਕ ਦਿਖਾਈ ਦਿੱਤੀ। ਇਸ ਉਪਰੰਤ ਲਹਿਰਾਗਾਗਾ ਦੇ ਭੱਠਲ ਇੰਜਨਿੰਰਿਗ ਕਾਲਜ ਦਾ ਦੌਰਾ ਕਰਦਿਆਂ ਉਨ੍ਹਾਂ ਮੌਜੂਦਾ ਸਰਕਾਰ ਦੀ ਸਿਹਤ ਅਤੇ ਸਿੱਖਿਆ ਕ੍ਰਾਂਤੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਰਾਜ ਨੂੰ ਯਾਦ ਕਰ ਰਹੇ ਹਨ।
ਚੰਨੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਭ੍ਰਿਸ਼ਟਾਚਾਰ ਅਤੇ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਤਾਂ ਜੋ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇ। ਇਸ ਮੌਕੇ ਬੀਬੀ ਭੱਠਲ ਦੇ ਬੇਟੇ ਰਾਹੁਲ ਇੰਦਰ ਸਿੰਘ ਸਿੱਧੂ ਤੋਂ ਇਲਾਵਾ ਰਵਿੰਦਰ ਰਿੰਕੂ ਗੁਰਨੇ, ਸੁਰੇਸ਼ ਕੁਮਾਰ ਠੇਕੇਦਾਰ, ਮੱਖਣ ਚੋਟੀਆਂ, ਤੋਂ ਇਲਾਵਾ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
