ਸੀਵਰੇਜ ਓਵਰਫਲੋਅ, ਬਰਨਾਲਾ-ਬਾਜਖਾਨਾ ਰੋਡ ’ਤੇ ਲੱਗਿਆ ਛੱਪੜ

08/05/2018 12:18:11 AM

ਭਦੌਡ਼, (ਰਾਕੇਸ਼)–  ਕਸਬੇ ਵਿਖੇ ਬਰਨਾਲਾ ਰੋਡ ’ਤੇ ਪਿਛਲੇ ਕਈ ਦਿਨਾਂ ਤੋ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਾਰਨ ਸਡ਼ਕ ਨੇ ਛੱਪਡ਼ ਦਾ ਰੂਪ ਧਾਰ ਲਿਆ ਹੈ, ਜਿਸ ਵਿਚੋਂ ਹਜ਼ਾਰਾਂ ਲੋਕਾਂ ਨੂੰ  ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ।  ਦੱਸਣਾ ਬਣਦਾ ਹੈ ਕਿ ਇਸੇ ਸਡ਼ਕ ’ਤੇ ਇਕ ਪਾਸੇ ਪਾਵਰਕਾਮ ਦਾ ਦਫਤਰ ਹੈ ਅਤੇ ਦੂਸਰੇ ਪਾਸੇ ਪੰਚਵਟੀ ਕਾਲੋਨੀ,  ਜਿਸ ਕਾਰਨ ਅਕਸਰ ਹੀ ਲੋਕਾਂ ਨੂੰ ਬਿਜਲੀ ਸਬੰਧੀ ਕੋਈ ਨਾ ਕੋਈ ਕੰਮ ਹੋਣ ਕਾਰਨ ਇਸ ਗੰਦੇ ਪਾਣੀ ਵਿਚੋਂ ਲੰਘ ਕੇ ਪਾਵਰਕਾਮ ਦੇ ਦਫਤਰ ਆਉਣਾ ਪੈਂਦਾ ਹੈ। ਪਿਛਲੇ ਕਈ ਦਿਨਾਂ ਤੋਂ ਕਾਲੋਨੀ ਵਾਸੀਅਾਂ ਅਤੇ ਪਾਵਰਕਾਮ ਦਫਤਰ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । 
ਪੰਚਵਟੀ ਕਾਲੋਨੀ ਵਸਨੀਕ ਅਤੇ 8 ਪੰਚਾਇਤਾਂ ਦੇ ਪ੍ਰਧਾਨ ਸੁਰਿੰਦਰਪਾਲ ਗਰਗ, ਸ਼ੈਲਰ ਐਸੋਸੀਏਸ਼ਨ ਦੇ ਸੈਕਟਰੀ ਰਾਜਿੰਦਰ ਗਰਗ, ਪੰਚ ਗੁਰਚਰਨ ਤਲਵਾਡ਼, ਸੁਸ਼ੀਲ ਕੁਮਾਰ, ਜਗਭੂਸ਼ਨ ਸਿੰਗਲਾ, ਕਰਨੈਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਭਦੌਡ਼ ਤੋਂ ਬਰਨਾਲਾ ਜਾ ਰਹੀ ਸਡ਼ਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ, ਜਿਸ ਕਾਰਨ ਇਸ ਸਡ਼ਕ ’ਤੇ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। ਦੂਜਾ ਥੋਡ਼੍ਹਾ ਜਿਹਾ ਮੀਂਹ  ਪੈਣ ਕਾਰਨ ਇਹ ਸਡ਼ਕ ਛੱਪਡ਼ ਦਾ ਰੂਪ ਧਾਰ  ਲੈਂਦੀ ਹੈ ਅਤੇ ਮੀਂਹ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਈ-ਕਈ ਦਿਨ ਇਹ ਗੰਦਾ ਪਾਣੀ ਸਡ਼ਕ ’ਤੇ ਖੜ੍ਹਾ ਰਹਿੰਦਾ ਹੈ।  ਸਥਾਨਕ ਲੋਕਾਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ  ਹੈ ਕਿ ਸੜਕ ਦਾ ਜਲਦੀ ਤੋਂ ਜਲਦੀ ਨਿਰਮਾਣ ਕੀਤਾ ਜਾਵੇ ਅਤੇ ਜੋ ਸੀਵਰੇਜ ਦਾ ਪਾਣੀ ਓਵਰਫਲੋਅ ਹੋ ਰਿਹਾ ਹੈ, ਉਸ  ਤੋਂ ਪਹਿਲ ਦੇ ਅਾਧਾਰ ’ਤੇ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ।
ਸੀਵਰੇਜ ਚਲਦਾ ਕਰਨ ਲਈ ਮਸ਼ੀਨ ਮੰਗਵਾਈ : ਐੱਸ. ਡੀ. ਓ.
 ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐੱਸ. ਡੀ. ਓ. ਰਾਜਿੰਦਰ ਗਰਗ ਨਾਲ ਗੱਲਬਾਤ ਕੀਤੀ ਤਾਂ  ਉਨ੍ਹਾਂ ਕਿਹਾ ਕਿ ਅਸੀਂ ਕੱਲ ਵੀ ਇੰਜਣ ਨਾਲ  ਸੀਵਰੇਜ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ  ਉਹ ਚੱਲ ਨਹੀਂ ਸਕਿਆ ਅਤੇ ਗਰਮੀ ਜ਼ਿਆਦਾ ਹੋਣ ਕਾਰਨ  ਸੀਵਰੇਜ  ’ਚ  ਕਰਮਚਾਰੀ ਨਹੀਂ ਉਤਾਰ ਸਕਦੇ। ਇਸ ਲਈ ਕੱਲ ਜੈਟਿੰਗ ਮਸ਼ੀਨ ਮੰਗਵਾਈ ਹੈ, ਜਿਸ ਨਾਲ ਸੀਵਰੇਜ ਖੋਲ੍ਹ ਕੇ  ਪਾਣੀ ਚੱਲਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸੀਵਰੇਜ ਪ੍ਰਤੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
 


Related News