ਚੋਣ ਨਤੀਜਿਆਂ ਮਗਰੋਂ ਦਾਅ 'ਤੇ ਲੱਗਿਆ ਸੁਸ਼ੀਲ ਰਿੰਕੂ, ਸ਼ੀਤਲ ਅੰਗੁਰਾਲ ਤੇ ਵਿਕਰਮਜੀਤ ਚੌਧਰੀ ਦਾ ਸਿਆਸੀ ਕਰੀਅਰ!

06/05/2024 9:36:18 AM

ਜਲੰਧਰ (ਚੋਪੜਾ)– ਜਲੰਧਰ ਲੋਕ ਸਭਾ ਚੋਣਾਂ ਦੌਰਾਨ ਹੋਏ ਉਲਟਫੇਰ ਨੂੰ ਲੈ ਕੇ ਕਈ ਸਿਆਸੀ ਆਗੂਆਂ ਦਾ ਕਰੀਅਰ ਦਾਅ ’ਤੇ ਲੱਗ ਗਿਆ ਹੈ, ਜਿਸ ਵਿਚ ਮੁੱਖ ਤੌਰ ’ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਕਾਂਗਰਸ ਦੇ ਫ਼ਿਲੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਨਾਂ ਮੁੱਖ ਤੌਰ ’ਤੇ ਸ਼ਾਮਲ ਹਨ, ਹਾਲਾਂਕਿ ਇਨ੍ਹਾਂ ਆਗੂਆਂ ਦੇ ਇਲਾਵਾ ਅਨੇਕ ਸੈਕਿੰਡ ਲਾਈਨ ਦੇ ਆਗੂ ਵੀ ਸ਼ਾਮਲ ਹਨ, ਜੋ ਕਿ ਚੋਣ ਦੌਰਾਨ ਆਪਣੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਗਏ ਸਨ। ਇਨ੍ਹਾਂ ਵਿਚ ਦਲ-ਬਦਲਣ ਵਾਲੇ ਆਗੂਆਂ ਦੇ ਸਮਰਥਕਾਂ ਦੀ ਗਿਣਤੀ ਜ਼ਿਆਦਾ ਹੈ।

ਸੁਸ਼ੀਲ ਰਿੰਕੂ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਟਿਕਟ ’ਤੇ ਵੈਸਟ ਹਲਕੇ ਤੋਂ 2022 ਦੀਆਂ ਚੋਣਾਂ ਲੜਨ ਦੌਰਾਨ ਉਹ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਥੋਂ ਹਾਰ ਗਏ ਸਨ ਪਰ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਅਚਾਨਕ ਮੌਤ ਤੋਂ ਬਾਅਦ ਖਾਲੀ ਹੋਈ ਸੀਟ ’ਤੇ 2023 ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਸੁਸ਼ੀਲ ਰਿੰਕੂ ਕਾਂਗਰਸ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਾ ਮੁੱਖ ਮੁਕਾਬਲਾ ਸਾਬਕਾ ਸੰਸਦ ਮੈਂਬਰ ਚੌਧਰੀ ਦੀ ਪਤਨੀ ਕਰਮਜੀਤ ਚੌਧਰੀ ਨਾਲ ਹੋਇਆ ਤਾਂ ਰਿੰਕੂ ਜਿੱਤ ਹਾਸਲ ਕਰ ਕੇ ਸੰਸਦ ਮੈਂਬਰ ਬਣੇ। 2024 ਦੀਆਂ ਚੋਣਾਂ ਵਿਚ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਦੂਜੀ ਵਾਰ ਮਿਲੀ ਟਿਕਟ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਭਾਜਪਾ ਦੀ ਟਿਕਟ ’ਤੇ ਅੱਜ ਉਨ੍ਹਾਂ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਭਾਜਪਾ ਨੂੰ ਲੈ ਬੈਠਿਆ '400 ਪਾਰ' ਦਾ ਨਾਅਰਾ!

ਹੁਣ ਰਿੰਕੂ ਸਿਰਫ ਹਲਕਾ ਇੰਚਾਰਜ ਬਣ ਕੇ ਰਹਿ ਗਏ ਹਨ ਪਰ ਵੱਡੀ ਗੱਲ ਹੈ ਕਿ ਕਾਂਗਰਸ ਤੋਂ ਪਹਿਲਾਂ ‘ਆਪ’ ਅਤੇ ਫਿਰ ਭਾਜਪਾ ਵਿਚ ਆਏ ਰਿੰਕੂ ਨੂੰ ਅਗਲੇ 5 ਸਾਲਾਂ ਤਕ ਜ਼ਿਲੇ ਦਾ ਭਾਜਪਾ ਕੇਡਰ ਕਿੰਨਾ ਝੱਲ ਪਾਵੇਗਾ। ਸੂਤਰਾਂ ਦੀ ਮੰਨੀਏ ਤਾਂ ਕਈ ਭਾਜਪਾ ਆਗੂਆਂ ਨੇ ਅੰਦਰ ਹੀ ਅੰਦਰ ਕਾਂਗਰਸ ਅਤੇ ‘ਆਪ’ ਆਗੂ ਨੂੰ ਅਚਾਨਕ ਉਨ੍ਹਾਂ ਦੇ ਸਿਰ ’ਤੇ ਬਿਠਾਉਣ ਦੇ ਫੈਸਲੇ ਨੂੰ ਉਚਿਤ ਨਾ ਮੰਨਦਿਆਂ ਚੋਣਾਂ ਦੌਰਾਨ ਅੰਦਰੂਨੀ ਸੱਟ ਮਾਰ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਰਿੰਕੂ ਭਾਜਪਾ ਵਿਚ ਆਪਣੀ ਪੈਠ ਅਤੇ ਕੱਦ ਨੂੰ ਕਾਇਮ ਰੱਖਣ ਵਿਚ ਕਿਸ ਹੱਦ ਤਕ ਸਫਲ ਹੁੰਦੇ ਹਨ। ਜੇਕਰ ਭਾਜਪਾ ਕੇਡਰ ਨੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਫੈਸਲਿਆਂ ਵਿਚ ਕੋਈ ਖਾਸ ਤਵੱਜੋਂ ਨਾ ਿਦੱਤੀ ਤਾਂ ਰਿੰਕੂ ਲਈ ਆਪਣਾ ਸਿਆਸੀ ਕਰੀਅਰ ਬਚਾਉਣਾ ਬੇਹੱਦ ਮੁਸ਼ਕਲਾਂ ਭਰਿਆ ਹੋਵੇਗਾ।

ਵੈਸਟ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਵਿਧਾਇਕ ਸ਼ੀਤਲ ਅੰਗੁਰਾਲ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫਾ ਦਿੰਦੇ ਹੋਏ ਸੁਸ਼ੀਲ ਰਿੰਕੂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਵਿਧਾਇਕ ਅੰਗੁਰਾਲ ਚੋਣ ਪ੍ਰਚਾਰ ਦੌਰਾਨ ਭਾਜਪਾ ਦੀਆਂ ਸਟੇਜਾਂ ਤੋਂ ਲੈ ਕੇ ਹਰੇਕ ਪ੍ਰਚਾਰ ਜ਼ਰੀਏ ਖੂਬ ਵਧ-ਚੜ੍ਹ ਕੇ ਸ਼ਾਮਲ ਹੋਏ। ਅੰਗੁਰਾਲ ਖੁੱਲ੍ਹੇਆਮ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਦੇ ਰਹੇ ਪਰ 1 ਜੂਨ ਨੂੰ ਵੋਟਿੰਗ ਤੋਂ ਬਾਅਦ ਉਨ੍ਹਾਂ ਯੂ-ਟਰਨ ਲੈਂਦੇ ਹੋਏ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਪਰ ਸਪੀਕਰ ਵੱਲੋਂ ਜਾਰੀ ਚਿੱਠੀ ’ਚ ਉਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਸਤੀਫਾ ਤਾਂ ਪਹਿਲਾਂ ਹੀ ਸਵੀਕਾਰ ਕੀਤਾ ਜਾ ਚੁੱਕਾ ਹੈ। ‘ਆਪ’ ਸਰਕਾਰ ਦੀ ਗੁਗਲੀ ਨਾਲ ਵਿਧਾਇਕ ਅੰਗੁਰਾਲ ਵੀ ਆਪਣੀ ਵਿਧਾਇਕੀ ਗੁਆ ਕੇ ਚਾਰੋਂ ਖਾਨੇ ਚਿੱਤ ਹੋ ਗਏ ਹਨ ਅਤੇ ਹੁਣ ਵੈਸਟ ਹਲਕੇ ਦੀ ਸੀਟ ਵਿਧਾਇਕ ਵਿਹੂਣੀ ਹੋ ਚੁੱਕੀ ਹੈ।

ਇਸੇ ਦੌਰਾਨ ਸ਼ੀਤਲ ਨੇ ਤਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਦੀ ਫੋਟੋ ਅਤੇ ਪੋਸਟ ਵੀ ਡਿਲੀਟ ਕਰ ਦਿੱਤੀ ਸੀ। ਹੁਣ ਵੈਸਟ ਹਲਕੇ ਵਿਚ ਜ਼ਿਮਨੀ ਚੋਣ ਯਕੀਨੀ ਮੰਨੀ ਜਾ ਰਹੀ ਹੈ। ਭਾਵੇਂ ਸ਼ੀਤਲ ਅੰਗੁਰਾਲ ਇਸ ਫੈਸਲੇ ਖ਼ਿਲਾਫ਼ ਹਾਈ ਕੋਰਟ ਜਾਣ ਦੀ ਗੱਲ ਕਰ ਰਹੇ ਹਨ ਪਰ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਆਪਣੀ ਮਰਜ਼ੀ ਨਾਲ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲਣਾ ਮੁਸ਼ਕਲ ਭਰਿਆ ਹੋਵੇਗਾ। ਇੰਨਾ ਹੀ ਨਹੀਂ, ਹੁਣ ਜਲੰਧਰ ਤੋਂ ਸੰਸਦੀ ਚੋਣ ਕਾਂਗਰਸ ਜਿੱਤ ਚੁੱਕੀ ਹੈ ਅਤੇ ਚੰਨੀ ਦੀ ਅਗਵਾਈ ਵਿਚ ਹਲਕੇ ਵਿਚ ਕਾਂਗਰਸ ਮਜ਼ਬੂਤ ਹੋ ਕੇ ਉੱਭਰੀ ਹੈ।

ਹੁਣ ਫਿਲੌਰ ਵਿਧਾਨ ਸਭਾ ਹਲਕੇ ਅਤੇ ਚੌਧਰੀ ਪਰਿਵਾਰ ਦੀ ਗੱਲ ਕਰੀਏ ਤਾਂ ਸਵ. ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਨੂੰ ਟਿਕਟ ਨਾ ਮਿਲਣ ਤੋਂ ਖਫਾ ਹੋ ਕੇ ਉਨ੍ਹਾਂ ਦੀ ਪਤਨੀ ਕਰਮਜੀਤ ਚੌਧਰੀ ਨੇ ਲੋਕ ਸਭਾ ਚੋਣ ਦੌਰਾਨ ਹੀ ਭਾਜਪਾ ਜੁਆਇਨ ਕਰ ਲਈ ਸੀ। ਉਨ੍ਹਾਂ ਦੇ ਇਕਲੌਤੇ ਪੁੱਤਰ ਅਤੇ ਫਿਲੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵਿਕਰਮਜੀਤ ਚੌਧਰੀ ਨੇ ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਚੰਨੀ ਨੂੰ ਟਿਕਟ ਦੇਣ ਦਾ ਖੁੱਲ੍ਹ ਕੇ ਵਿਰੋਧ ਕੀਤਾ। ਇੰਨਾ ਹੀ ਨਹੀਂ, ਚੰਨੀ ਨੂੰ ਹਰਾਉਣ ਖਾਤਿਰ ਵਿਕਰਮਜੀਤ ਆਪਣੇ ਦਾਅ-ਪੇਚ ਖੇਡ ਕੇ ਫਿਲੌਰ ਹਲਕੇ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਪੁਆਉਣ ਲਈ ਕੰਮ ਕਰਦੇ ਰਹੇ। ਵਿਕਰਮਜੀਤ ਅਤੇ ਚੌਧਰੀ ਪਰਿਵਾਰ ਨੂੰ ਉਮੀਦ ਸੀ ਕਿ ਦੇਸ਼ ਭਰ ਵਿਚ ਮੋਦੀ ਦੀ ਚੱਲ ਰਹੀ ਲਹਿਰ ਨਾਲ ਰਿੰਕੂ ਚੋਣ ਜਿੱਤ ਜਾਣਗੇ ਪਰ ਚੋਣ ਨਤੀਜਿਆਂ ਵਿਚ ਹੋਇਆ ਬਿਲਕੁਲ ਉਲਟ।

ਇਹ ਖ਼ਬਰ ਵੀ ਪੜ੍ਹੋ - 28 ਸਾਲ ਬਾਅਦ ਪੰਜਾਬ 'ਚ ਭਾਜਪਾ ਦੇ ਹੱਥ ਰਹੇ ਖਾਲੀ, ਵੋਟਾਂ ਖਿੱਚਣ ਦੇ ਮਾਮਲੇ 'ਚ ਅਕਾਲੀ ਦਲ ਨੂੰ ਪਛਾੜਿਆ

ਕੇਂਦਰ ਵਿਚ ਇੰਡੀਆ ਗੱਠਜੋੜ 233 ਸੀਟਾਂ ਹਾਸਲ ਕਰ ਕੇ ਬੇਹੱਦ ਮਜ਼ਬੂਤ ਸਥਿਤੀ ਵਿਚ ਪਹੁੰਚ ਚੁੱਕਾ ਹੈ। ਉਥੇ ਹੀ ਪਾਰਟੀ ਵਿਰੋਧੀ ਸੁਰਾਂ ਕਾਰਨ ਹੁਣ ਉਹ ਕਾਂਗਰਸ ਲੀਡਰਸ਼ਿਪ ਵਿਚਕਾਰ ਬੈਠਣ ਲਾਇਕ ਨਹੀਂ ਰਹੇ। ਉਨ੍ਹਾਂ ਦਾ ਵਿਧਾਇਕੀ ਦਾ ਕਾਰਜਕਾਲ ਵੀ ਅਜੇ ਢਾਈ ਸਾਲ ਤੋਂ ਵੱਧ ਬਾਕੀ ਹੈ। ਜਲੰਧਰ ਲੋਕ ਸਭਾ ਦੇ ਸੰਸਦ ਮੈਂਬਰ ਕਾਂਗਰਸੀ ਅਤੇ ਸੂਬੇ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵਿਚਕਾਰ ਵਿਕਰਮਜੀਤ ਲਈ ਆਪਣਾ ਸਿਆਸੀ ਕਰੀਅਰ ਅੱਗੇ ਵਧਾ ਪਾਉਣਾ ਬੇਹੱਦ ਪੇਚੀਦਾ ਸਾਬਿਤ ਹੋਵੇਗਾ, ਜੇਕਰ ਉਹ ਕਾਂਗਰਸ ਛੱਡ ਕੇ ਆਪਣੀ ਮਾਂ ਨਾਲ ਭਾਜਪਾ ਵਿਚ ਚਲੇ ਜਾਂਦੇ ਹਨ ਤਾਂ ਦਲ-ਬਦਲੀ ਕਾਨੂੰਨ ਤਹਿਤ ਉਨ੍ਹਾਂ ਦਾ ਵਿਧਾਇਕ ਅਹੁਦਾ ਵੀ ਚਲਿਆ ਜਾਵੇਗਾ। ਅਜਿਹੇ ਸਮੇਂ ਵਿਕਰਮਜੀਤ ਲਈ ‘ਅੱਗੇ ਖੂਹ ਤੇ ਪਿੱਛੇ ਖੱਡ’ ਵਰਗੇ ਹਾਲਾਤ ਪੈਦਾ ਹੋਣੇ ਯਕੀਨੀ ਮੰਨੇ ਜਾ ਰਹੇ ਹਨ। ਜੋ ਵੀ ਹੋਵੇ, ਹੁਣ ਰਿੰਕੂ, ਸ਼ੀਤਲ ਅੰਗੁਰਾਲ ਅਤੇ ਵਿਕਰਮਜੀਤ ਇਨ੍ਹਾਂ ਤਿੰਨਾਂ ਆਗੂਆਂ ਲਈ ਸਿਆਸੀ ਰਾਹ ’ਤੇ ਚੱਲਣਾ ਬੇਹੱਦ ਮੁਸ਼ਕਲ ਸਾਬਿਤ ਹੋਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ।

ਨਗਰ ਨਿਗਮ ਚੋਣਾਂ ’ਚ ਟਿਕਟ ਦੇ ਦਾਅਵੇਦਾਰ ਰਿੰਕੂ ਸਮਰਥਕਾਂ ਦੇ ਚਿਹਰੇ ਦਾ ਵੀ ਰੰਗ ਉੱਡਿਆ

ਸੁਸ਼ੀਲ ਰਿੰਕੂ ਨਾਲ ਪਹਿਲਾਂ ਕਾਂਗਰਸ ਤੋਂ ‘ਆਪ’ਅਤੇ ਫਿਰ ‘ਆਪ’ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਸੈਕਿੰਡ ਲਾਈਨ ਆਗੂਆਂ ਦੇ ਚਿਹਰੇ ਦਾ ਰੰਗ ਰਿੰਕੂ ਦੀ ਹਾਰ ਤੋਂ ਬਾਅਦ ਉੱਡ ਗਿਆ ਹੈ। ਉਨ੍ਹਾਂ ਨੂੰ ਯਕੀਨ ਸੀ ਕਿ ਰਿੰਕੂ ਫਿਰ ਤੋਂ ਜਿੱਤ ਹਾਸਲ ਕਰਨਗੇ ਤੇ ਸੰਸਦ ਮੈਂਬਰ ਦੇ ਅਹੁਦੇ ’ਤੇ ਰਹਿੰਦਿਆਂ ਆਪਣੇ ਸੰਸਦੀ ਹਲਕੇ ’ਚ ਪੈਂਡਿੰਗ ਨਗਰ ਨਿਗਮ ਚੋਣਾਂ ਵਿਚ ਉਹ ਉਨ੍ਹਾਂ ਨੂੰ ਟਿਕਟ ਦਿਵਾ ਦੇਣਗੇ। ਪਹਿਲਾਂ ਕਾਂਗਰਸ ਤੋਂ ‘ਆਪ’ ਜਾਣ ਵਾਲੇ ਵਾਰਡ ਪੱਧਰ ਦੇ ਅਜਿਹੇ ਆਗੂ ਕਈ ਮਹੀਨਿਆਂ ਤੋਂ ਇਸੇ ਜੋੜ-ਤੋੜ ਵਿਚ ਲੱਗੇ ਰਹੇ ਹਨ ਕਿ ਉਨ੍ਹਾਂ ਨੂੰ ‘ਆਪ’ ਤੋਂ ਟਿਕਟ ਕਿਵੇਂ ਮਿਲ ਸਕੇਗੀ ਕਿਉਂਕਿ ਕਾਂਗਰਸ ਵਿਚ ਰਹਿਣ ਦੌਰਾਨ ਉਨ੍ਹਾਂ ਦੇ ਸਬੰਧਤ ਵਾਰਡਾਂ ਵਿਚ ਪਹਿਲਾਂ ਤੋਂ ਹੀ ‘ਆਪ’ ਦੇ ਦਾਅਵੇਦਾਰ ਚੋਣ ਲੜਨ ਦੀ ਤਿਆਰੀ ਕਰ ਚੁੱਕੇ ਸਨ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਬਚਾਇਆ ਕਾਂਗਰਸ ਦਾ ਕਿਲ੍ਹਾ! ਲੁਧਿਆਣਾ 'ਚ ਬਿੱਟੂ ਨੂੰ 20 ਹਜ਼ਾਰ ਵੋਟਾਂ ਨਾਲ ਦਿੱਤੀ ਸ਼ਿਕਸਤ

ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਹ ਨਗਰ ਨਿਗਮ ਪੱਧਰ ’ਤੇ ਪਹਿਲਾਂ ਤੋਂ ਹੀ ਕਾਫੀ ਮਜ਼ਬੂਤ ਹੈ ਅਤੇ ਪਿਛਲੇ ਸਾਲਾਂ ਵਿਚਲਗਾਤਾਰ 10 ਸਾਲ ਉਨ੍ਹਾਂ ਦਾ ਮੇਅਰ ਬਣਿਆ ਰਿਹਾ ਹੈ। ਅਜਿਹੇ ਹਾਲਾਤ ਵਿਚ ਵਾਰਡ ਪੱਧਰ ’ਤੇ ਪੈਠ ਬਣਾ ਚੁੱਕੀ ਭਾਜਪਾ ਦੇ ਕੌਂਸਲਰ ਪੱਧਰ ਦੇ ਆਗੂਆਂ ਦੀ ਕਾਟ ਰਿੰਕੂ ਸਮਰਥਕਾਂ ਕੋਲ ਸ਼ਾਇਦ ਨਹੀਂ ਸੀ ਪਰ ਉਨ੍ਹਾਂ ਨੂੰ ਆਸਰਾ ਸੀ ਕਿ ਰਿੰਕੂ ਨੇ ਤਾਂ ਚੋਣ ਜਿੱਤ ਹੀ ਜਾਣੀ ਹੈ, ਅਜਿਹੇ ਵਿਚ ਵਾਰਡ ਪੱਧਰ ਦੀਆਂ ਚੋਣਾਂ ਵਿਚ ਸੰਸਦ ਮੈਂਬਰ ਦਾ ਵੱਡਾ ਦਖਲ ਰਹੇਗਾ ਅਤੇ ਉਨ੍ਹਾਂ ਦੇ ਹੱਥ ਗੱਫੇ ਲੱਗ ਜਾਣਗੇ ਪਰ ਹੁਣ ਅਜਿਹੇ ਆਗੂਆਂ ਦਾ ਅੱਜ ਰਿੰਕੂ ਦੀ ਹਾਰ ਤੋਂ ਬਾਅਤ ਚੈਨ ਉੱਡਣਾ ਤੈਅ ਮੰਨਿਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News