ਬਰਨਾਲਾ ਪੁਲਸ ਵੱਲੋਂ ਟਰੱਕ ਡਰਾਈਵਰ ਕਤਲ ਕਾਂਡ ਵਿਚ ਵੱਡਾ ਖੁਲਾਸਾ

06/15/2024 5:00:38 PM

ਬਰਨਾਲਾ (ਵਿਵੇਕ ਸਿੰਧਵਾਨੀ, ਦੂਆ, ਰਵੀ) : ਬਰਨਾਲਾ ਪੁਲਸ ਨੇ ਕਰੀਬ ਇਕ ਹਫਤਾ ਪਹਿਲਾਂ ਹੋਏ ਕਤਲ ਕੇਸ ਦੇ ਮਾਮਲੇ ਨੂੰ ਟਰੇਸ ਕਰਨ ਦਾ ਦਾਅਵਾ ਕੀਤਾ ਹੈ। ਐੱਸਪੀਡੀ ਮਨਦੀਪ ਸਿੰਘ ਨੇ ਦੱਸਿਆ ਕਿ 8 ਜੂਨ ਨੂੰ ਪ੍ਰਵੇਸ਼ ਕੁਮਾਰ ਪੁੱਤਰ ਬਦਨ ਸਿੰਘ ਵਾਸੀ ਨਗਲਾ ਧਨੀ ਜ਼ਿਲ੍ਹਾ ਇਟਾ (ਯੂ.ਪੀ) ਦੇ ਬਿਆਨ ਦੇ ਆਧਾਰ 'ਤੇ ਨਾ-ਮਾਲੂਮ ਵਿਅਕਤੀਆਂ ਖ਼ਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਮੁਕੱਦਮਾ ਦਰਜ ਹੋਇਆ ਕਿ ਮੁਦਈ ਪ੍ਰਵੇਸ਼ ਕੁਮਾਰ ਉਕਤ ਦਾ ਭਰਾ ਤੇਜਿੰਦਰ ਸਿੰਘ ਪੁੱਤਰ ਬਦਨ ਸਿੰਘ ਵਾਸੀ ਨਗਲਾ ਧਨੀ ਜ਼ਿਲ੍ਹਾ ਇਟਾ (ਯੂ.ਪੀ) ਉਮਰ ਕਰੀਬ 33 ਸਾਲ ਹੈ, ਜੋ ਹੁਣ ਕਰੀਬ 2 ਸਾਲ ਤੋਂ ਸੁਦਰਸ਼ਨ ਕੈਰੀਅਰ ਕੰਪਨੀ ਨੋਇਡਾ ਵਿਚ ਟਰੱਕ ਨੰਬਰ HR-38X-0729 'ਤੇ ਡਰਾਈਵਰੀ ਕਰਦਾ ਸੀ, ਜਿਸਦਾ 7 ਜੂਨ ਨੂੰ ਵਕਤ ਕਰੀਬ 11.30 ਪੀ.ਐੱਮ ਪਰ ਬਠਿੰਡਾ ਬਰਨਾਲਾ ਹਾਈਵੇ ਰੋਡ ਨੇੜੇ ਪਿੰਡ ਖੁੱਡੀ ਖੁਰਦ ਬਾਹੱਦ ਪਿੰਡ ਧੋਲਾ ਵਿਖੇ ਟਰੱਕ ਦੇ ਕੈਬਿਨ ਵਿਚ ਪਿਛਲੀ ਸੀਟ 'ਤੇ ਕਤਲ ਕਰ ਦਿੱਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸੰਦੀਪ ਮਲਿਕ ਦੀ ਅਗਵਾਈ ਹੇਠ ਮੁਕੱਦਮਾ ਦੀ ਤਫਤੀਸ਼ ਦੌਰਾਨ ਮੁੱਖ ਅਫਸਰ ਰੂੜੇਕੇ ਕਲਾਂ ਅਤੇ ਸੀ.ਆਈ.ਏ. ਬਰਨਾਲਾ ਦੀਆਂ ਟੀਮਾਂ ਬਣਾਈਆਂ ਗਈਆਂ। ਮਾਮਲੇ ਵਿਚ ਜਸਵੰਤ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਅੰਜੂ ਪਤਨੀ ਜਸਵੰਤ ਸਿੰਘ ਵਾਸੀ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਹਾਲ ਆਬਾਦ (ਕਿਰਾਏਦਾਰ) ਬਲਰਾਜ ਨਗਰ ਗਲੀ ਨੰਬਰ 10 ਬਠਿੰਡਾ ਨੂੰ ਦੋਸ਼ੀਆਨ ਨਾਮਜ਼ਦ ਕਰਕੇ ਮਿਤੀ 13-06-2024 ਨੂੰ ਰਾਮਪੁਰਾ ਦੇ ਏਰੀਆ ਵਿਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਤਲ ਵਿਚ ਵਰਤਿਆ ਗਿਆ ਪਾਨਾ, ਖੂਨ ਨਾਲ ਲਿੱਬੜੇ ਕੱਪੜੇ, ਮ੍ਰਿਤਕ ਦਾ ਮੋਬਾਇਲ ਬਰਾਮਦ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਦੌਰਾਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਮਿਤੀ ਨੂੰ 06-06-2024 ਨੂੰ ਟਰੱਕ ਨੰਬਰ HR-38X-0729 ਨੂੰ ਹੱਥ ਦੇ ਕੇ ਬਠਿੰਡਾ ਤੋਂ ਚੜ੍ਹੇ ਸੀ ਅਤੇ ਰਸਤੇ ਵਿਚ ਤਪਾ ਵਿਖੇ ਇਨ੍ਹਾਂ ਨੇ ਡਰਾਈਵਰ ਪਾਸੋਂ ਉਸਦੇ ਪੈਸੇ, ਮੋਬਾਇਲ ਅਤੇ ਏ.ਟੀ.ਐੱਮ ਖੋਹਣ ਦੀ ਕੋਸ਼ਿਸ਼ ਕੀਤੀ, ਜਿਸਦਾ ਡਰਾਈਵਰ ਨੇ ਵਿਰੋਧ ਕੀਤਾ ਤਾਂ ਜਸਵੰਤ ਸਿੰਘ ਨੇ ਡਰਾਈਵਰ ਤੇਜਿੰਦਰ ਸਿੰਘ ਦੇ ਸਿਰ ਵਿਚ ਪਾਨੇ ਮਾਰੇ ਅਤੇ ਅੰਜੂ ਨੇ ਉਸਦਾ ਗਲਾ ਘੁੱਟ ਕੇ ਉਸਨੂੰ ਜਾਨੋ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਦੋਵੇਂ ਜਣੇ ਤੇਜਿੰਦਰ ਸਿੰਘ (ਮ੍ਰਿਤਕ) ਦਾ ਮੋਬਾਇਲ ਅਤੇ 1500 ਰੁਪਏ ਲੈ ਕੇ ਹੰਡਿਆਇਆ ਵਿਖੇ ਚਲੇ ਗਏ ਅਤੇ ਇੱਥੋਂ ਕਿਸੇ ਹੋਰ ਟਰੱਕ ਵਾਲੇ ਨੂੰ ਹੱਥ ਦੇ ਕੇ ਉਸ ਨਾਲ ਵਾਪਸ ਬਠਿੰਡਾ ਚਲੇ ਗਏ।


Gurminder Singh

Content Editor

Related News