13 ਸਾਲਾ ਸਕੂਲੀ ਬੱਚੇ ਨੂੰ ਦੂਰ ਤੱਕ ਘੜੀਸਦਾ ਲੈ ਗਿਆ ਟਿੱਪਰ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)
Wednesday, May 17, 2023 - 11:21 AM (IST)
ਲੁਧਿਆਣਾ (ਮਹਿੰਦਰੂ, ਮੁਨੀਸ਼) : ਲੁਧਿਆਣਾ ਦੇ ਸੁਭਾਸ਼ ਨਗਰ 'ਚ ਰਾਹੋਂ ਰੋਡ 'ਤੇ ਭਿਆਨਕ ਹਾਦਸਾ ਵਾਪਰਨ ਕਾਰਨ 13 ਸਾਲਾਂ ਦੇ ਸਕੂਲੀ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 13 ਸਾਲਾ ਸ਼ੁਭਮ ਦੇ ਪਿਤਾ ਦਾ ਨਾਂ ਵਿਕਾਸ ਹੈ, ਜੋ ਕਿ ਕੈਲਾਸ਼ ਨਗਰ ਵਿਖੇ ਸਰਕਾਰੀ ਸਕੂਲ 'ਚ 7ਵੀਂ ਜਮਾਤ 'ਚ ਪੜ੍ਹਦਾ ਸੀ। ਸ਼ੁਭਮ ਦੀ ਮਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ੁਭਮ ਕਈ ਦਿਨਾਂ ਤੋਂ ਬੀਮਾਰ ਸੀ ਅਤੇ 1-2 ਦਿਨਾਂ ਤੋਂ ਸਕੂਲ ਨਹੀਂ ਜਾ ਰਿਹਾ ਸੀ।
ਇਹ ਵੀ ਪੜ੍ਹੋ : ਜਦੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਪੈਦਲ ਚੱਲ ਕੇ ਪਹੁੰਚੇ ਦਫ਼ਤਰ...(ਤਸਵੀਰਾਂ)
ਅੱਜ ਸਵੇਰੇ ਕਰੀਬ 8 ਵਜੇ ਉਹ ਸਕੂਲ 'ਚ ਛੁੱਟੀ ਦੀ ਅਰਜ਼ੀ ਦੇਣ ਲਈ ਗਿਆ ਸੀ। ਜਦੋਂ ਸਕੂਲ ਤੋਂ ਉਹ ਸਾਈਕਲ 'ਤੇ ਵਾਪਸ ਘਰ ਮੁੜ ਰਿਹਾ ਸੀ ਤਾਂ ਇਸ ਦੌਰਾਨ ਉਹ ਰੇਤਾ ਨਾਲ ਭਰੇ ਤੇਜ਼ ਰਫ਼ਤਾਰ ਟਿੱਪਰ ਹੇਠ ਆ ਗਿਆ। ਟਿੱਪਰ ਕਾਫ਼ੀ ਦੂਰ ਤੱਕ ਸ਼ੁਭਮ ਨੂੰ ਘੜੀਸਦਾ ਹੋਇਆ ਲੈ ਗਿਆ, ਜਿਸ ਦੌਰਾਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਟਿੱਪਰ ਦਾ ਚਾਲਕ ਮੌਕੇ 'ਤੋਂ ਟਿੱਪਰ ਛੱਡ ਕੇ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਬੱਚੇ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਹ ਵੀ ਪੜ੍ਹੋ : ਬਾਰਡਰ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਸ ਤੇ BSF ਦੀ ਬੈਠਕ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਇਸ ਘਟਨਾ ਸਬੰਧੀ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਾਫੀ ਭੀੜ-ਭਾੜ ਵਾਲਾ ਇਲਾਕਾ ਹੈ ਅਤੇ ਇੱਥੇ ਭਾਰੀ ਵਾਹਨ ਲੰਘਦੇ ਹਨ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਲਾਕਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇੱਥੇ ਸਵੇਰ ਦੇ ਸਮੇਂ ਵੱਡੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਹੋਣੀ ਚਾਹੀਦੀ ਹੈ। ਫਿਲਹਾਲ ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਪਰਿਵਾਰ ਨੂੰ ਅਗਲੇਰੀ ਕਾਰਵਾਈ ਦਾ ਭਰੋਸਾ ਦੁਆਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ