...ਤੇ ਹੁਣ ''ਸਕੂਲੀ ਬੱਚਿਆਂ'' ਨੂੰ ਆਵੇਗਾ ਸੁੱਖ ਦਾ ਸਾਹ
Friday, May 03, 2019 - 10:23 AM (IST)

ਚੰਡੀਗੜ੍ਹ : ਬੱਚਿਆਂ ਦੇ ਬੈਗਾਂ ਦਾ ਭਾਰ ਘਟਾਉਣ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕਿਸੇ ਵੀ ਬੱਚੇ ਦੇ ਭਾਰ ਦੇ 10 ਫੀਸਦੀ ਤੋਂ ਜ਼ਿਆਦਾ ਭਾਰ ਸਕੂਲ ਬੈਗ ਦਾ ਨਹੀਂ ਹੋਣਾ ਚਾਹੀਦਾ। ਸਾਰੇ ਸਕੂਲ ਮੁਖੀਆਂ, ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰੀ ਬੈਗ ਕਾਰਨ ਬੱਚਿਆਂ ਦੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹ ਦਿਮਾਗੀ ਤੌਰ 'ਤੇ ਵੀ ਪਰੇਸ਼ਾਨ ਰਹਿਣ ਲੱਗੇ ਹਨ।
ਵਿਭਾਗੀ ਸਕੱਤਰ ਨੇ ਸਕੂਲਾਂ ਦੇ ਪਿੰ੍ਰਸੀਪਲ ਨੂੰ ਕਿਹਾ ਹੈ ਕਿ ਉਹ ਮਾਪਿਆਂ ਨਾਲ ਬੱਚਿਆਂ ਦੀ ਇਸ ਮੁਸ਼ਕਲ ਨੂੰ ਸਾਂਝਾ ਕਰਨ ਅਤੇ ਤੈਅ ਕਰਨ ਕਿ ਬੱਚਿਆਂ ਦੇ ਬੈਗ 'ਚ ਉਨ੍ਹਾਂ ਦੀ ਕਲਾਸ ਦੀਆਂ ਕਿਤਾਬਾਂ, ਕਾਪੀਆਂ ਤੋਂ ਇਲਾਵਾ ਕੋਈ ਸਮਾਨ ਨਾ ਹੋਵੇ। ਇਹ ਹੀ ਨਹੀਂ, ਸਵੇਰ ਦੀ ਸਭਾ ਦੌਰਾਨ ਭਾਰੀ ਸਕੂਲੀ ਬੈਗਾਂ ਦੇ ਪ੍ਰਭਾਵ ਵਿਸ਼ੇ 'ਤੇ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ।