ਸੱਤਿਅਮ ਹਸਪਤਾਲ ਦਾ ਕੈਸ਼ੀਅਰ 12.84 ਲੱਖ ਰੁਪਏ ਲੈ ਕੇ ਫਰਾਰ
Thursday, Jan 08, 2026 - 07:16 PM (IST)
ਲੁਧਿਆਣਾ (ਤਰੁਣ): ਸ਼ਿੰਗਾਰ ਸਿਨੇਮਾ ਰੋਡ ਹਰਚਰਨ ਨਗਰ ਸਥਿਤ ਸੱਤਿਅਮ ਹਸਪਤਾਲ ਦਾ ਕੈਸ਼ੀਅਰ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਿਆ। ਹਸਪਤਾਲ ਦਾ ਮਾਲਕ ਡਾਕਟਰ 10 ਦਿਨਾਂ ਬਾਅਦ ਪਹੁੰਚਿਆ ਤਾਂ ਉਸ ਨੂੰ ਕੈਸ਼ੀਅਰ ਦੀ ਚੋਰੀ ਅਤੇ ਗਬਨ ਦਾ ਪਤਾ ਲਗਾਇਆ। ਫਿਰ ਉਸ ਨੇ ਪੁਲਸ ਸਟੇਸ਼ਨ ਡਵੀਜ਼ਨ ਨੰਬਰ 3 ਵਿਖੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਡਾ. ਸ਼ਿਵ ਕੁਮਾਰ ਗੁਪਤਾ ਨੇ ਦੱਸਿਆ ਕਿ ਉਹ ਹਰਚਰਨ ਨਗਰ ਦੇ ਸ਼ਿੰਗਾਰ ਸਿਨੇਮਾ ਰੋਡ 'ਤੇ ਸੱਤਿਅਮ ਹਸਪਤਾਲ ਦਾ ਮਾਲਕ ਹੈ। 22 ਦਸੰਬਰ ਨੂੰ ਉਹ ਅਤੇ ਉਸ ਦੀ ਪਤਨੀ ਡਾਕਟਰੀ ਦੀ ਪੜ੍ਹਾਈ ਕਰ ਰਹੇ ਆਪਣੇ ਬੱਚਿਆਂ ਨੂੰ ਮਿਲਣ ਕੇਰਲ ਗਏ ਸਨ। 3 ਜਨਵਰੀ ਨੂੰ ਉਹ ਲੁਧਿਆਣਾ ਵਾਪਸ ਆਏ ਅਤੇ ਕੈਸ਼ੀਅਰ ਤੋਂ ਹਿਸਾਬ ਮੰਗਿਆ ਤਾਂ ਉਸ ਵਿਚ ਘਪਲੇਬਾਜ਼ੀ ਸੀ। ਕੈਸ਼ੀਅਰ ਪ੍ਰਮੋਦ ਕੱਕੜ ₹12.84 ਲੱਖ ਦਾ ਹਿਸਾਬ ਨਹੀਂ ਦੇ ਸਕਿਆ।
ਡਾ. ਸ਼ਿਵ ਗੁਪਤਾ ਨੇ ਦੱਸਿਆ ਕਿ ਪ੍ਰਮੋਦ ਲਗਭਗ 5-6 ਸਾਲਾਂ ਤੋਂ ਉਸ ਕੋਲ ਨੌਕਰੀ ਕਰ ਰਿਹਾ ਸੀ। ਦੋਸ਼ੀ ਕੈਸ਼ੀਅਰ ਪ੍ਰਮੋਦ ਨੇ 12.84 ਲੱਖ ਰੁਪਏ ਦਾ ਗਬਨ ਕੀਤਾ ਅਤੇ ਚੋਰੀ ਕਰ ਲਿਆ। ਦੋਸ਼ੀ ਨੇ ਹਸਪਤਾਲ ਸਟਾਫ ਦੇ ਸਾਹਮਣੇ ਲੱਖਾਂ ਰੁਪਏ ਦੀ ਚੋਰੀ ਅਤੇ ਗਬਨ ਕਰਨ ਦੀ ਗੱਲ ਕਬੂਲ ਕੀਤੀ, ਜਿਸ ਤੋਂ ਬਾਅਦ ਉਸ ਨੇ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਥਾਣਾ ਡਿਵੀਜ਼ਨ ਨੰਬਰ 3 ਦੇ ਇੰਚਾਰਜ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਸੱਤਿਅਮ ਹਸਪਤਾਲ ਦੇ ਮਾਲਕ ਡਾ. ਸ਼ਿਵ ਗੁਪਤਾ ਦੇ ਬਿਆਨ ਦੇ ਆਧਾਰ 'ਤੇ ਪੁਲਸ ਨੇ ਕੈਸ਼ੀਅਰ ਪ੍ਰਮੋਦ ਕੁਮਾਰ ਕੱਕੜ, ਵਾਸੀ ਗਲੀ ਨੰਬਰ 6, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਉਸ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
