ਜ਼ਿਲ੍ਹਾ ਫਿਰੋਜ਼ਪੁਰ ''ਚ ਸਰਪੰਚੀ ਲਈ 1325 ਅਤੇ ਪੰਚੀ ਲਈ 3263 ਉਮੀਦਵਾਰ ਮੈਦਾਨ ਵਿਚ
Tuesday, Oct 08, 2024 - 05:41 PM (IST)
ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ਦੀਆਂ 835 ਪੰਚਾਇਤਾਂ ਦੀਆਂ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਸਰਪੰਚ ਦੇ ਅਹੁਦੇ ਲਈ 1325 ਅਤੇ ਪੰਚ ਦੇ ਅਹੁਦੇ ਲਈ 3263 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਏਡੀਸੀ ਵਿਕਾਸ ਫਿਰੋਜ਼ਪੁਰ ਨੇ ਦੱਸਿਆ ਕਿ ਸਰਪੰਚ ਦੀ ਚੋਣ ਲਈ 1109 ਅਤੇ ਪੰਚ ਦੀ ਚੋਣ ਲਈ 1455 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ 435 ਸਰਪੰਚ ਅਤੇ 3032 ਪੰਚ ਬਿਨਾਂ ਮੁਕਾਬਲਾ ਸਰਵਸੰਮਤੀ ਨਾਲ ਚੁਣੇ ਗਏ ਹਨ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 332 ਅਤੇ ਪੰਚ ਦੇ ਅਹੁਦੇ ਲਈ 877 ਉਮੀਦਵਾਰ ਮੈਦਾਨ ਵਿਚ ਹਨ, ਗੁਰੂਹਰਸਹਾਏ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 476 ਅਤੇ ਪੰਚ ਦੇ ਅਹੁਦੇ ਲਈ 1076 ਉਮੀਦਵਾਰ ਹਨ, ਮਮਦੋਟ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 310 ਅਤੇ ਪੰਚ ਦੇ ਅਹੁਦੇ ਲਈ 654, ਬਲਾਕ ਘੱਲ ਖੁਰਦ ਵਿੱਚ ਸਰਪੰਚ ਦੇ ਅਹੁਦੇ ਲਈ 124 ਅਤੇ ਪੰਚ ਦੇ ਅਹੁਦੇ ਲਈ 412, ਮਖੂ ਬਲਾਕ ਵਿਚ ਸਰਪੰਚ ਦੀ ਚੋਣ ਲਈ 6 ਅਤੇ ਪੰਚ ਦੀ ਚੋਣ ਲਈ 27 ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ੀਰਾ ਬਲਾਕ ਵਿਚ ਸਰਪੰਚ ਦੇ ਅਹੁਦੇ ਲਈ 77 ਅਤੇ ਪੰਚ ਦੇ ਅਹੁਦੇ ਲਈ 217 ਉਮੀਦਵਾਰ ਚੋਣ ਮੈਦਾਨ ਵਿਚ ਹਨ।