ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243 ਚਲਾਨ
Sunday, Feb 15, 2026 - 07:43 PM (IST)
ਜੈਤੋ/ਜਲੰਧਰ, (ਰਘੁਨੰਦਨ ਪਰਾਸ਼ਰ)- ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬਿਨਾਂ ਟਿਕਟ ਯਾਤਰਾ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਰੇਲਵੇ ਮੰਡਲ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 14 ਫਰਵਰੀ 2026 ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਟਿਕਟ ਜਾਂਚ ਅਭਿਆਨ 'ਫੋਰਟਰੈੱਸ ਚੈੱਕ' ਚਲਾਇਆ ਗਿਆ, ਜਿਸ ਦੌਰਾਨ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ 'ਤੇ ਸ਼ਿਕੰਜਾ ਕੱਸਿਆ ਗਿਆ।
ਇਹ ਜਾਂਚ ਮੁਹਿੰਮ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਤਾਰ ਚਲਾਈ ਗਈ। ਇਸ ਦੌਰਾਨ ਰੇਲਵੇ ਦੇ 14 ਟਿਕਟ ਜਾਂਚ ਕਰਮਚਾਰੀਆਂ ਅਤੇ ਰੇਲਵੇ ਸੁਰੱਖਿਆ ਬਲ (RPF) ਦੇ ਜਵਾਨਾਂ ਨੇ ਸਾਂਝੇ ਤੌਰ 'ਤੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਯਾਤਰੀਆਂ ਦੇ ਟਿਕਟਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਇਸ ਪੂਰੀ ਕਾਰਵਾਈ ਦੌਰਾਨ ਕੁੱਲ 243 ਅਜਿਹੇ ਯਾਤਰੀ ਫੜੇ ਗਏ, ਜੋ ਬਿਨਾਂ ਟਿਕਟ ਜਾਂ ਨਿਯਮਾਂ ਦੇ ਉਲਟ ਯਾਤਰਾ ਕਰ ਰਹੇ ਸਨ। ਇਨ੍ਹਾਂ ਯਾਤਰੀਆਂ ਤੋਂ ਮੌਕੇ 'ਤੇ ਹੀ ਲਗਭਗ 1.67 ਲੱਖ ਰੁਪਏ ਦਾ ਮਾਲੀਆ ਜੁਰਮਾਨੇ ਵਜੋਂ ਵਸੂਲਿਆ ਗਿਆ।
ਰੇਲਵੇ ਅਧਿਕਾਰੀਆਂ ਅਨੁਸਾਰ 'ਫੋਰਟਰੈੱਸ ਚੈੱਕ' ਦੇ ਅਧੀਨ ਸਟੇਸ਼ਨ ਕੰਪਲੈਕਸ ਦੀ ਬਿਨਾਂ ਕਿਸੇ ਪੂਰਵ ਸੂਚਨਾ ਦੇ ਘੇਰਾਬੰਦੀ ਕਰਕੇ ਸਖ਼ਤ ਟਿਕਟ ਜਾਂਚ ਕੀਤੀ ਜਾਂਦੀ ਹੈ। ਇਸ ਅਭਿਆਨ ਦਾ ਮੁੱਖ ਉਦੇਸ਼ ਰੇਲਵੇ ਦੇ ਮਾਲੀਏ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਆਮ ਜਨਤਾ ਵਿੱਚ ਟਿਕਟ ਲੈ ਕੇ ਸਫ਼ਰ ਕਰਨ ਦੀ ਆਦਤ ਨੂੰ ਵਧਾਵਾ ਦੇਣਾ ਹੈ।
ਸੀਨੀਅਰ ਮੰਡਲ ਵਪਾਰਕ ਪ੍ਰਬੰਧਕ (Sr. DCM) ਸ੍ਰੀ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਫ਼ਰ ਕਰਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਯਾਤਰੀਆਂ ਦੀ ਸਹੂਲਤ ਅਤੇ ਰੇਲਵੇ ਦੇ ਮਾਲੀਏ ਨੂੰ ਬਚਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਵਿਸ਼ੇਸ਼ ਟਿਕਟ ਜਾਂਚ ਅਭਿਆਨ ਲਗਾਤਾਰ ਜਾਰੀ ਰਹਿਣਗੇ।
