10 ਨਵੰਬਰ ਦੇ ਸਰਬੱਤ ਖਾਲਸਾ ਲਈ ਜੱਥੇਦਾਰਾਂ ਨੇ ਬਣਾਈ 7 ਮੈਂਬਰੀ ਫਾਈਨਾਂਸ ਕਮੇਟੀ

10/22/2016 2:52:11 PM

ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਵਿਚ ਬੇਅਦਬੀ ਘਟਨਾਵਾਂ ਉਪਰੰਤ ਚੱਬਾ ਵਿਖੇ ਪਿਛਲੇ ਸਾਲ 10 ਨਵੰਬਰ ਨੂੰ ਬੁਲਾਏ ਗਏ ਸਰਬੱਤ ਖਾਲਸਾ ''ਚ ਥਾਪੇ ਗਏ ਜੱਥੇਦਾਰਾਂ ਨੇ ਅਗਲੇ ਸਰਬੱਤ ਖਾਲਸਾ ਦੀਆਂ ਤਿਆਰੀਆਂ ਲਈ 7 ਮੈਂਬਰੀ ਫਾਈਨਾਂਸ ਕਮੇਟੀ ਦਾ ਗਠਨ ਕੀਤਾ ਗਿਆ ਹੈ । ਸਰਬੱਤ ਖਾਲਸਾ ਦੇ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਬਣਾਏ ਗਏ ਕੰਟਰੋਲ ਰੂਮ ਤੋਂ ਦਫਤਰ ਇੰਚਾਰਜ ਭਾਈ ਜਗਮੀਤ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਸਰਬੱਤ ਖਾਲਸਾ ਦੀਆਂ ਤਿਆਰੀਆਂ ਸੰਬੰਧੀ ਲਾਈਆਂ ਜਾ ਰਹੀਆਂ ਡਿਊਟੀਆਂ ਦੀ ਲੜੀ ਵਿਚ ਹੀ ਸਰਬੱਤ ਖਾਲਸਾ ਜੱਥੇਦਾਰ ਸਾਹਿਬਾਨਾਂ ਵਲੋਂ 7 ਮੈਂਬਰੀ ਖਜ਼ਾਨਾ (ਫਾਇਨਾਂਸ) ਕਮੇਟੀ ਦਾ ਗਠਨ ਕੀਤਾ ਗਿਆ ਹੈ । ਉਕਤ ਕਮੇਟੀ ਵਿਚ ਜੱਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਭਾਈ ਸਤਨਾਮ ਸਿੰਘ ਮਨਾਂਵਾ, ਜੱਥੇਦਾਰ ਬੂਟਾ ਸਿੰਘ ਰਣਸੀਂਹ, ਬਾਬਾ ਹਰਬੰਸ ਸਿੰਘ ਜੈਨਪੁਰ, ਭਾਈ ਸੁਖਵਿੰਦਰ ਸਿੰਘ ਸਤਿਕਾਰ ਸਭਾ ਹਰਿਆਣਾ ਨੂੰ ਲਿਆ ਗਿਆ ਹੈ । ਪ੍ਰੈੱਸ ਬਿਆਨ ਰਾਹੀਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਰਬੱਤ ਖਾਲਸਾ ਦੇ ਪ੍ਰਬੰਧਾਂ ਲਈ ਅਕਾਊਂਟ ਨੰਬਰ ਜਾਰੀ ਕਰਦਿਆਂ ਵੱਧ ਤੋਂ ਵੱਧ ਵਿੱਤੀ ਮਦਦ ਦੇਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ 10 ਨਵੰਬਰ ਨੂੰ ਸਰਬੱਤ ਖਾਲਸਾ ਹੋਣ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਸਮੁੱਚੇ ਅਕਾਊਂਟ ਦਾ ਹਿਸਾਬ-ਕਿਤਾਬ ਸਿੱਖ ਸੰਗਤਾਂ ਸਾਹਮਣੇ ਰੱਖਿਆ ਜਾਵੇਗਾ । ਜੱਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਰਬੱਤ ਖਾਲਸਾ ਦੀਆਂ ਤਿਆਰੀਆਂ ਵਿਚ ਲੱਗੀਆਂ ਸਮੁੱਚੀਆਂ ਜੱਥੇਬੰਦੀਆਂ ਦੇ ਨਾਲ-ਨਾਲ ਨਵ ਗਠਿਤ ਉਕਤ ਫਾਈਨਾਂਸ ਕਮੇਟੀ ਦਾ ਵੀ ਪੂਰਾ ਸਹਿਯੋਗ ਦੇਣ ।

Babita Marhas

News Editor

Related News