ਪੈਰਿਸ ਓਲੰਪਿਕ ’ਚ ਹਿੱਸਾ ਲੈਣਗੇ 7 ਭਾਰਤੀ ਬੈਡਮਿੰਟਨ ਖਿਡਾਰੀ

Tuesday, Apr 30, 2024 - 10:52 AM (IST)

ਪੈਰਿਸ ਓਲੰਪਿਕ ’ਚ ਹਿੱਸਾ ਲੈਣਗੇ 7 ਭਾਰਤੀ ਬੈਡਮਿੰਟਨ ਖਿਡਾਰੀ

ਨਵੀਂ ਦਿੱਲੀ- ਸਾਬਕਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਆਪਣੀ ਓਲੰਪਿਕ ਖੇਡ ਕੁਆਲੀਫਿਕੇਸ਼ਨ ਰੈਂਕਿੰਗ ਦੇ ਆਧਾਰ ’ਤੇ 4 ਵਰਗਾਂ ਵਿਚ ਪੈਰਿਸ ਖੇਡਾਂ ਲਈ ਅਧਿਕਾਰਤ ਤੌਰ ’ਤੇ ਕੁਆਲੀਫਾਈ ਕੀਤਾ। ਸਿੰਧੂ ਤੇ ਚੋਟੀ ਦੇ ਸਿੰਗਲਜ਼ ਖਿਡਾਰੀ ਐੱਚ. ਐੱਸ. ਪ੍ਰਣਯ ਤੇ ਲਕਸ਼ੈ ਸੇਨ ਨੇ ਬਹੁਤ ਪਹਿਲਾਂ ਹੀ ਓਲੰਪਿਕ ਵਿਚ ਜਗ੍ਹਾ ਪੱਕੀ ਕਰ ਲਈ ਸੀ ਤੇ ਇਸਦਾ ਰਸਮੀ ਤੌਰ ’ਤੇ ਐਲਾਨ ਸੋਮਵਾਰ ਨੂੰ ਹੋਇਆ ਜਿਹੜੀ ਕੌਮਾਂਤਰੀ ਬੈਡਮਿੰਟਨ ਸੰਘ (ਬੀ. ਡਬਲਯੂ. ਐੱਫ.) ਵੱਲੋਂ ਨਿਰਧਾਰਿਤ ਕੱਟ ਆਫ ਮਿਤੀ ਸੀ।

ਯੋਗਤਾ ਦੇ ਨਿਯਮਾਂ ਅਨੁਸਾਰ ਕੱਟ ਆਫ ਮਿਤੀ ’ਤੇ ਓਲੰਪਿਕ ਕੁਆਲੀਫਿਕੇਸ਼ਨ ਰੈਂਕਿੰਗ ਦੇ ਆਧਾਰ ’ਤੇ ਪੁਰਸ਼ ਤੇ ਮਹਿਲਾ ਸਿੰਗਲਜ਼ ਵਿਚ ਚੋਟੀ ਦੇ 16 ਬੈਡਮਿੰਟਨ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ। ਸਾਬਕਾ ਵਿਸ਼ਵ ਚੈਂਪੀਅਨ ਤੇ ਓਲੰਪਿਕ ਚਾਂਦੀ ਤੇ ਕਾਂਸੀ ਤਮਗਾ ਜੇਤੂ ਸਿੰਧੂ 12ਵੇਂ ਸਥਾਨ ’ਤੇ ਰਹੀ ਜਦਕਿ ਪੁਰਸ਼ ਸਿੰਗਲਜ਼ ਵਿਚ ਪ੍ਰਣਯ ਤੇ ਲਕਸ਼ੈ ਕ੍ਰਮਵਾਰ 9ਵੇਂ ਤੇ 13ਵੇਂ ਸਥਾਨ ’ਤੇ ਰਹੇ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਓਲੰਪਿਕ ਕੁਆਲੀਫਿਕੇਸ਼ਨ ਗੇੜ ਦੇ ਅੰਤ ਵਿਚ ਤੀਜੇ ਸਥਾਨ ’ਤੇ ਰਹੀ ਤੇ ਬੈਡਮਿੰਟਨ ਵਿਚ ਦੇਸ਼ ਲਈ ਸਰਵਸ੍ਰੇਸ਼ਠ ਤਮਗਾ ਉਮੀਦਾਂ ਵਿਚੋਂ ਇਕ ਦੇ ਰੂਪ ਵਿਚ ਓਲੰਪਿਕ ਵਿਚ ਜਾਵੇਗੀ।

ਮਹਿਲਾ ਡਬਲਜ਼ ਵਿਚ ਤਨੀਸ਼ਾ ਕ੍ਰਾਸਟੋ ਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਜੋੜੀ ਨੇ ਕੁਆਲੀਫਿਕੇਸ਼ਨ ਗੇੜ ਦੇ ਅੰਤ ਵਿਚ 13ਵੇਂ ਸਥਾਨ ’ਤੇ ਰਹਿ ਕੇ ਕੁਆਲੀਫਾਈ ਕੀਤਾ। ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਹਾਲਾਂਕਿ ਕੁਆਲੀਫਾਈ ਕਰਨ ਤੋਂ ਖੁੰਝ ਗਈ।


author

Aarti dhillon

Content Editor

Related News