ਸੰਤ ਸੀਚੇਵਾਲ ਵੱਲੋਂ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੂੰ ਪੰਜਾਬ ਆਉਣ ਦਾ ਸੱਦਾ

Sunday, Jan 22, 2023 - 04:29 PM (IST)

ਸੰਤ ਸੀਚੇਵਾਲ ਵੱਲੋਂ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੂੰ ਪੰਜਾਬ ਆਉਣ ਦਾ ਸੱਦਾ

ਸੁਲਤਾਨਪੁਰ ਲੋਧੀ-ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲ ਸਰੋਤਾਂ ਬਾਰੇ ਬਣੀ ਸੰਸਦੀ ਸਥਾਈ ਕਮੇਟੀ ਦੇ ਚੇਅਰਪਰਸਨ ਨੂੰ ਸਮੁੱਚੀ ਕਮੇਟੀ ਸਹਿਤ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਅਧਿਐਨ ਕਰਨ ਲਈ ਪੰਜਾਬ ਆਉਣ ਸੱਦਾ ਦਿੱਤਾ। ਉਨ੍ਹਾਂ ਨੇ ਕਮੇਟੀ ਦੇ ਚੇਅਰਪਰਸਨ ਸ੍ਰੀ ਪਰਬਤਭਾਈ ਸਾਵਾਭਾਈ ਪਟੇਲ ਨਾਲ ਕੀਤੇ ਗਏ ਦੌਰੇ ਦੌਰਾਨ ਮੁਲਾਕਾਤ ਕੀਤੀ ਸੀ। ਸੰਤ ਸੀਚੇਵਾਲ ਵੀ ਇਸ ਸੰਸਦੀ ਕਮੇਟੀ ਦੇ ਮੈਂਬਰ ਹਨ। ਮੁਲਾਕਾਤ ਦੌਰਾਨ ਉਨ੍ਹਾਂ ਨੇ ਪਟੇਲ ਨੂੰ ਇਸ ਪੱਥ ਤੋਂ ਜਾਣੂੰ ਕਰਵਾਇਆ ਸੀ ਕਿ ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਵਿੱਚ ਸ਼ਹਿਰਾਂ ਅਤੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਪੈ ਰਹੇ ਹਨ, ਜਿਸ ਕਾਰਨ ਮਾਲਵੇ ਅਤੇ ਰਾਜਸਥਾਨ ਦੇ ਕੁਝ ਹਿੱਸੇ ਦੇ ਲੋਕ ਕੈਂਸਰ ਨਾਲ ਪੀੜਤ ਹੋ ਰਹੇ ਹਨ। ਉਨ੍ਹਾਂ ਕਮੇਟੀ ਦੇ ਚੇਅਰਪਰਸਨ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਕਮੇਟੀ ਦੇ ਮੈਂਬਰਾਂ ਨੂੰ ਪੰਜਾਬ ਲੈ ਕੇ ਆਉਣ ਤਾਂ ਜੋ ਉਹ ਸੂਬੇ ਵਿੱਚ ਤੇਜ਼ੀ ਨਾਲ ਗੰਧਲੇ ਅਤੇ ਜ਼ਹਿਰੀਲੇ ਹੋ ਰਹੇ ਪਾਣੀਆਂ ਤੋਂ ਜਾਣੂੰ ਹੋ ਸਕਣ।

ਇਹ ਵੀ ਪੜ੍ਹੋ :  CM ਭਗਵੰਤ ਮਾਨ ਨੇ ਇਕ ਸੀਨੀਅਰ ਅਧਿਕਾਰੀ ਦਾ ਤਬਾਦਲਾ ਕਰਕੇ ਅਫ਼ਸਰਸ਼ਾਹੀ ਨੂੰ ਵਿਖਾਏ ਤੇਵਰ

ਸੰਤ ਸੀਚੇਵਾਲ ਨੇ ਕਮੇਟੀ ਦੇ ਚੇਅਰਪਰਸਨ ਸ੍ਰੀ ਪਟੇਲ ਨੂੰ ਇਹ ਵੀ ਦੱਸਿਆ ਕਿ ਪੰਜਾਬ ਹੀ ਅਜਿਹਾ ਸੂਬਾ ਹੈ, ਜਿਸ ਨੇ ਭੁੱਖਮਰੀ ਦੌਰਾਨ ਦੇਸ਼ ਦਾ ਢਿੱਡ ਭਰਿਆ ਸੀ। ਪੰਜਾਬ ਦੇ ਕਿਸਾਨਾਂ ਨੇ ਇਕ ਤਰ੍ਹਾਂ ਨਾਲ ਆਪਣਾ ਪਾਣੀ ਦੇਸ਼ ਦੇ ਲੇਖੇ ਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲਾ ਪੰਜਾਬ ਇਸ ਸਮੇਂ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਲਈ ਉਨ੍ਹਾਂ ਸੰਸਦੀ ਕਮੇਟੀ ਤੋਂ ਮੰਗ ਕੀਤੀ ਕਿ ਇਸ ਦੌਰੇ ਦੌਰਾਨ ਉੇਹ ਪੰਜਾਬ ਦੇ ਸੁੱਕ ਰਹੇ ਦਰਿਆਵਾਂ ਅਤੇ ਧਰਤੀ ਹੇਠਲੇ ਮੁੱਕ ਰਹੇ ਪਾਣੀਆਂ ਦੀ ਵਿਸਥਾਰ ਨਾਲ ਰਿਪੋਰਟ ਤਿਆਰ ਕਰਕੇ ਕੇਂਦਰੀ ਜਲ ਸਰੋਤਾਂ ਬਾਰੇ ਵਿਭਾਗ ਨੂੰ ਭੇਜਣ ਤੇ ਇਸ ਰਿਪੋਰਟ ਨੂੰ ਸੰਸਦ ਵਿੱਚ ਵੀ ਰੱਖਣ । ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਅਨੁਸਾਰ 2039 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ, ਅਜਿਹੇ ਹਲਾਤਾਂ ਵਿੱਚ ਖੇਤੀ ਪ੍ਰਧਾਨ ਸੂਬਾ ਪੰਜਾਬ ਆਪਣੇ ਇਸ ਕਿੱਤੇ ਨੂੰ ਕਿਵੇਂ ਬਚਾਵੇਗਾ? ਇਹ ਇਕ ਵੱਡਾ ਸਵਾਲ ਹੈ, ਜਿਸ ਨੂੰ ਮੁਖਾਤਿਬ ਹੋਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਮੇਟੀ ਦੇ ਚੇਅਰਪਰਸਨ ਨੂੰ ਇਸ ਗੱਲ ਤੋਂ ਵੀ ਜਾਣੂੰ ਕਰਵਾਇਆ ਕਿ ਉਹ ਸੰਨ 2000 ਤੋਂ ਸੰਗਤਾਂ ਦੇ ਸਹਿਯੋਗ ਨਾਲ ਪਵਿੱਤਰ ਵੇਈਂ ਦੀ ਕਾਰਸੇਵਾ ਕਰ ਰਹੇ ਹਨ। ਸਾਲ 2008 ਤੋਂ ਲਗਾਤਾਰ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਰਹੇ ਹਨ।

ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਕਮੇਟੀ ਦੇ ਚੇਅਰਪਰਸਨ ਸ੍ਰੀ ਪਰਬਤਭਾਈ ਸਾਵਾਭਾਈ ਪਟੇਲ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਮੇਟੀ ਨੂੰ ਪੰਜਾਬ ਲੈ ਕੇ ਆਉਣਗੇ। ਇਸ ਫੇਰੀ ਦੌਰਾਨ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਅਤੇ ਨਦੀਆਂ ਤੇ ਦਰਿਆਵਾਂ ਵਿਚ ਪਾ ਜਾ ਰਹੇ ਫੈਕਟਰੀਆਂ ਦੇ ਜ਼ਹਿਰੀਲੇ ਪਾਣੀਆਂ ਵੀ ਅਧਿਐਨ ਕਰਵਾਉਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਜਲ ਸਰੋਤਾਂ ਬਾਰੇ ਸੰਸਦੀ ਕਮੇਟੀ ਨੇ ਕੋਲਕਾਤਾ, ਪੋਰਟ ਬਲੇਰ, ਅਤੇ ਚੇਨਈ ਦਾ ਦੌਰਾ ਕੀਤਾ ਸੀ ਤੇ ਉਥੇ ਕੁਦਰਤੀ ਜਲ ਸਰੋਤਾਂ ’ਚ ਪੈ ਰਹੇ ਦੂਸ਼ਿਤ ਪਾਣੀਆਂ ਬਾਰੇ ਨਿਰੀਖਣ ਕੀਤਾ ਸੀ। ਇਸ ਦੌਰੇ ਵਿਚ 12 ਸੰਸਦ ਮੈਂਬਰਾਂ ਤੇ ਕੇਂਦਰੀ ਭੂ-ਜਲ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ :  ਕਪੂਰਥਲਾ 'ਚ ਓਵਰਟੇਕ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਭੀੜ ਵੱਲੋਂ ਕੀਤੀ ਕੁੱਟਮਾਰ 'ਚ ਪੁਲਸ ਮੁਲਾਜ਼ਮ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News