ਕਿਸਾਨਾਂ ਨੂੰ ਖਰੀਦ ਕੇਂਦਰਾਂ ’ਚ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ : ਪਿਸ਼ੌਰ

Thursday, Apr 18, 2019 - 03:55 AM (IST)

ਕਿਸਾਨਾਂ ਨੂੰ ਖਰੀਦ ਕੇਂਦਰਾਂ ’ਚ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ : ਪਿਸ਼ੌਰ
ਸੰਗਰੂਰ (ਗਰਗ) -ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ, ਮਾਰਕੀਟ ਕਮੇਟੀ ਅਤੇ ਲੀਡਰਾਂ ਵੱਲੋਂ ਕਣਕ ਦੀ ਫ਼ਸਲ ਸਬੰਧੀ ਅਨਾਜ ਮੰਡੀਆਂ ਅਤੇ ਪਿੰਡਾਂ ਦੇ ਖਰੀਦ ਕੇਂਦਰਾਂ ਵਿਚ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਵਾਅਦਿਆਂ ਨੂੰ ਖੋਖਲਾ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ ਨੇ ਕਿਹਾ ਕਿ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੇ ਉਲਟ ਅੱਜ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਕਿਸੇ ਵੀ ਖਰੀਦ ਕੇਂਦਰ ਅਤੇ ਅਨਾਜ ਮੰਡੀ ਵਿਚ ਸਰਕਾਰੀ ਖਰੀਦ ਨਹੀਂ ਕੀਤੀ ਜਾ ਰਹੀ। ਅਧਿਕਾਰੀਆਂ ਅਤੇ ਲੀਡਰਾਂ ਵਲੋਂ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਸਰਕਾਰੀ ਖ਼ਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਹਕੀਕਤ ਇਸ ਦੇ ਉਲਟ ਹੈ । ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਕਾਰਨ ਕਿਸੇ ਵੀ ਖਰੀਦ ਕੇਂਦਰ ’ਚ ਕਣਕ ਨੂੰ ਢਕਣ ਦੇ ਕੋਈ ਪ੍ਰਬੰਧ ਨਹੀਂ ਹਨ। ਇੱਥੋਂ ਤਕ ਕਿ ਖ਼ਰੀਦ ਕੇਂਦਰਾਂ ਅੰਦਰ ਪਖਾਨੇ ਅਤੇ ਪੀਣ ਦੇ ਪਾਣੀ ਤਕ ਦੇ ਪ੍ਰਬੰਧ ਨਹੀਂ ਕੀਤੇ ਗਏ। ਚੋਣਾਂ ਦਾ ਮੌਸਮ ਹੋਣ ਦੇ ਬਾਵਜੂਦ ਕਿਸੇ ਵੀ ਪਾਰਟੀ ਦਾ ਕੋਈ ਵੀ ਆਗੂ ਖ਼ਰੀਦ ਕੇਂਦਰ ਅੰਦਰ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਭ ਪਾਰਟੀਆਂ ਦੇ ਆਗੂ ਕਿਸਾਨਾਂ ਨਾਲ ਝੂਠੀ ਹਮਦਰਦੀ ਜਤਾਉਂਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਸੁਚੱਜੇ ਖ਼ਰੀਦ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨ ਯੂਨੀਅਨ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਉਪਰੰਤ ਬਲਾਕ ਪ੍ਰਧਾਨ ਵੱਲੋਂ ਇਕ ਡੈਪੂਟੇਸ਼ਨ ਦੇ ਨਾਲ ਸਕੱਤਰ ਮਾਰਕੀਟ ਕਮੇਟੀ ਮਨਦੀਪ ਸਿੰਘ ਨਾਲ ਮੁਲਾਕਾਤ ਕਰ ਕੇ ਸਾਰੀਆਂ ਮੁਸ਼ਕਲਾਂ ਅਤੇ ਮੰਗਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਇਸ ਸਮੇਂ ਉਨ੍ਹਾਂ ਨਾਲ ਜ਼ਿਲਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ, ਮਾਸਟਰ ਗੁਰਚਰਨ ਸਿੰਘ, ਰਾਮ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Related News