ਪੰਜਾਬ ਦੀ ਸਿਆਸਤ ''ਚ ਹਲਚਲ! ਸੀਨੀਅਰ ਅਕਾਲੀ ਆਗੂ ਦੇ ਕਾਂਗਰਸ ''ਚ ਜਾਣ ਦੀ ਉੱਡੀ ''ਅਫ਼ਵਾਹ''
Thursday, Dec 04, 2025 - 03:27 PM (IST)
ਚੰਡੀਗੜ੍ਹ (ਅੰਕੁਰ)- ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਅੱਜ ਕਾਂਗਰਸ ’ਚ ਜਾਣ ਦੀ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਰਹੀ। ਇਸ ਸਬੰਧੀ ਢੀਂਡਸਾ ਨੇ ਸਪੱਸ਼ਟ ਕੀਤਾ ਕਿ ਇਹ ਸਾਰੀਆਂ ਗੱਲਾਂ ਬੇਬੁਨਿਆਦ ਤੇ ਉਨ੍ਹਾਂ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ।
ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਪੂਰੇ ਤੌਰ ’ਤੇ ਜੁੜੇ ਹੋਏ ਹਨ ਅਤੇ ਇਨ੍ਹਾਂ ਅਫ਼ਵਾਹਾਂ ਦਾ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਇਹ ਸਾਡੇ ਅਕਸ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਉਹ ਇਸ ਵੇਲੇ ਪਾਰਟੀ ਦੇ ਖ਼ਜ਼ਾਨਚੀ ਤੇ ਸੀਨੀਅਰ ਮੀਤ ਪ੍ਰਧਾਨ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਜਾਣ-ਬੁੱਝ ਕੇ ਚੋਣਾਂ ਤੋਂ ਪਹਿਲਾਂ ਖੜ੍ਹਾ ਕੀਤਾ ਗਿਆ ਹੈ ਤਾਂ ਜੋ ਪਾਰਟੀ ਅੰਦਰ ਬੇਚੈਨੀ ਪੈਦਾ ਕੀਤੀ ਜਾਵੇ ਤੇ ਪਾਰਟੀ ਦੀ ਪੰਥਕ ਪਕੜ ਨੂੰ ਕਮਜ਼ੋਰ ਕੀਤਾ ਜਾਵੇ।
ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਫ਼ਰਜ਼ੀ ਸੁਨੇਹੇ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸਿਰਫ ਪਾਰਟੀ ਦੀਆਂ ਅਧਿਕਾਰਤ ਰਿਲੀਜ਼ਾਂ ’ਤੇ ਹੀ ਵਿਸ਼ਵਾਸ ਕੀਤਾ ਜਾਵੇ।punjab
