ਵਿਦਿਆਰਥੀਆਂ ਪੰਜਾਬੀ ਯੂਨੀਵਰਸਿਟੀ ਵਿਚ ਲੇਖ ਮੁਕਾਬਲੇ ’ਚ ਭਾਗ ਲਿਆ

Thursday, Apr 18, 2019 - 03:54 AM (IST)

ਵਿਦਿਆਰਥੀਆਂ ਪੰਜਾਬੀ ਯੂਨੀਵਰਸਿਟੀ ਵਿਚ ਲੇਖ ਮੁਕਾਬਲੇ ’ਚ ਭਾਗ ਲਿਆ
ਸੰਗਰੂਰ (ਰਾਕੇਸ਼)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਲੇਖ ਮੁਕਾਬਲੇ ਕਰਵਾਏ ਗਏ, ਜਿਸ ’ਚ 54 ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਮੀਰੀ-ਪੀਰੀ ਖ਼ਾਲਸਾ ਕਾਲਜ ਭਦੌਡ਼ ਦੀਆਂ ਵਿਦਿਆਰਥਣਾਂ ਜਸਕਰਨਪ੍ਰੀਤ ਕੌਰ ਬੀ.ਏ. ਭਾਗ ਪਹਿਲਾ ਅਤੇ ਗੁਰਪ੍ਰੀਤ ਕੌਰ ਬੀ.ਏ. ਭਾਗ ਤੀਜਾ ਨੇ ਭਾਗ ਲਿਆ। ਇਨ੍ਹਾਂ ਲੇਖ ਮੁਕਾਬਲਿਆਂ ਦਾ ਵਿਸ਼ਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਰੱਖਿਆ ਗਿਆ ਸੀ ਅਤੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਾਈਸ ਚਾਂਸਲਰ ਬੀ.ਐੱਸ. ਘੁੰਮਣ ਦੇ ਸ਼ਬਦਾਂ ਨਾਲ ਹੋਈ ਉਨ੍ਹਾਂ ਦੱਸਿਆ ਕਿ ਅਜਿਹੇ ਮੁਕਾਬਲੇ ਕਰਵਾਉਣੇ ਅਜੋਕੇ ਸਮੇਂ ਦੀ ਲੋਡ਼ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਗੁਰ ਇਤਿਹਾਸ ਨਾਲ ਜੋਡ਼ਿਆ ਜਾ ਸਕੇ।ਗੁਰੂ ਗੋਬਿੰਦ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖ ਧਰਮ ਨਾਲ ਜੋਡ਼ਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ ਇਹ ਵਿਭਾਗ ਹਮੇਸ਼ਾ ਵਚਨਬੱਧ ਰਹੇਗਾ। ਪ੍ਰੋਗਰਾਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਪ੍ਰੋਗਰਾਮਾਂ ’ਚੋਂ ਇਕ ਸੀ। ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਾਲਜ ਦੇ ਪ੍ਰਿੰ. ਮਲਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਯੂਨੀਵਰਸਿਟੀ ਪੱਧਰ ’ਤੇ ਹੋਣੇ ਅਤਿ ਜ਼ਰੂਰੀ ਹਨ ਤਾਂ ਜੋ ਸਿੱਖ ਧਰਮ ਦੀ ਨੌਜਵਾਨ ਪੀਡ਼੍ਹੀ ਨੂੰ ਸਿੱਖ ਇਤਿਹਾਸ ਦੇ ਸਿਧਾਂਤਾਂ ਪ੍ਰਤੀ ਜਾਗਰੂਕ ਕਰਵਾਇਆ ਜਾ ਸਕੇ ਅਤੇ ਅਜਿਹੇ ਪ੍ਰੋਗਰਾਮਾਂ ਵਿਚ ਇਹ ਕਾਲਜ ਵਿਦਿਆਰਥੀਆਂ ਨੂੰ ਭੇਜਣ ਲਈ ਹਮੇਸ਼ਾ ਪ੍ਰੇਰਦਾ ਰਹੇਗਾ। ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਅਸਿ.ਪ੍ਰੋ. ਸੁਖਪਾਲ ਸਿੰਘ ਨੇ ਇਸ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਆ। ਇਸ ਸਮੇਂ ਪ੍ਰੋ. ਸੁਖਰਾਜ ਕੌਰ ਵਿਦਿਆਰਥਣਾਂ ਨਾਲ ਹਾਜ਼ਰ ਸਨ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਬਹੁਤ ਵਧੀਆ ਉਪਰਾਲਾ ਹੈ ਅਜਿਹੇ ਪ੍ਰੋਗਰਾਮ ਹੋਣੇ ਜ਼ਰੂਰੀ ਹਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ।

Related News