ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
Wednesday, Apr 10, 2019 - 04:13 AM (IST)
ਸੰਗਰੂਰ (ਸ਼ਾਮ)- ਦਿਨੋ-ਦਿਨ ਵੱਧ ਰਹੇ ਹਾਦਸਿਆਂ ਦੇ ਮੱਦੇਨਜ਼ਰ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 5 ਸਕੂਲੀ ਬੱਸਾਂ ਅਤੇ ਤਿੰਨ ਪ੍ਰੈਸ਼ਰ ਹਾਰਨ ਵਾਲਿਆਂ ਦੇ ਚਲਾਨ ਕੱਟੇ ਗਏ। ਪਿੰਡ ਮਹਿਤਾ ਦੇ ਬੱਸ ਸਟੈਂਡ ’ਤੇ ਟ੍ਰੈਫਿਕ ਪੁਲਸ ਦੇ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਗਏ ਕਿਉਂਕਿ ਜੋ ਸਕੂਲੀ ਬੱਸਾਂ ਦੇ ਮਾਲਕ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧਾਂ ਨੂੰ ਲਾਗੂ ਨਹੀਂ ਕਰਦੇ, ਉਨ੍ਹਾਂ ਖ਼ਿਲਾਫ਼ ਸਖ਼ਤੀ ਵਰਤਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਸਕੂਲ ਵਾਲਿਆਂ ਨੂੰ ਉੱਚੇ ਮਾਡਲ ਦੀਆਂ ਗੱਡੀਆਂ ਜਿਨ੍ਹਾਂ ਵਿਚ ਸੀ.ਸੀ.ਟੀ.ਵੀ .ਕੈਮਰੇ ਲੱਗੇ ਹੋਏ ਜ਼ਰੂਰੀ ਹਨ। ਇਸ ਤੋਂ ਇਲਾਵਾ ਹਰ ਬੱਸ ’ਚ ਇਕ ਕੰਡਕਟਰ ਹੋਣਾ ਜ਼ਰੂਰੀ ਹੈ ਪਰ ਸਕੂਲ ਮਾਲਕਾਂ ਵੱਲੋਂ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨਾ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ, ਜਿਸ ਦੇ ਸਬੰਧ ਵਿਚ ਉਨ੍ਹਾਂ ਵੱਲੋਂ ਚਲਾਨ ਕੱਟੇ ਗਏ ਹਨ। ਇਸ ਤੋਂ ਇਲਾਵਾ ਦੋ-ਪਹੀਆ ਵਾਹਨਾਂ ਦੇ ਡਰਾਈਵਰ ਦੀ ਸੁਰੱਖਿਆ ਦੇ ਸਬੰਧ ਵਿਚ ਵੀ ਚਲਾਨ ਕੱਟੇ ਗਏ ਹਨ । ਉਨ੍ਹਾਂ ਦੱਸਿਆ ਕਿ ਕਣਕ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਜਿਸ ਦੌਰਾਨ ਟ੍ਰੈਫਿਕ ਵਿਚ ਵਾਧਾ ਹੋਵੇਗਾ, ਜਿਸ ਨੂੰ ਕੰਟਰੋਲ ਕਰਨ ਲਈ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣਾ ਬੇਹੱਦ ਜ਼ਰੂਰੀ ਸੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣੇ ਵੀ ਬੇਹੱਦ ਜ਼ਰੂਰੀ ਹਨ। ਇਸ ਮੌਕੇ ਹੌਲਦਾਰ ਸੁਖਦੇਵ ਸਿੰਘ, ਰਣ ਸਿੰਘ, ਰਾਮ ਸਿੰਘ ਤੇ ਬੀਰਬਲ ਸਿੰਘ ਵੀ ਹਾਜ਼ਰ ਸਨ।
