‘ਸਵੱਛਤਾ ਸਰਵੇਖਣ-2019’ ’ਚ ਦਿਡ਼੍ਹਬਾ ਨੂੰ ਐਵਾਰਡ ਮਿਲਣਾ ਮਾਣ ਵਾਲੀ ਗੱਲ : ਡੀ. ਸੀ
Sunday, Mar 10, 2019 - 04:11 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਮੰਤਰਾਲਾ ਭਾਰਤ ਸਰਕਾਰ ਵੱਲੋਂ 31 ਜਨਵਰੀ 2019 ਨੂੰ ਮੁਕੰਮਲ ਕੀਤੇ ਗਏ ‘ਸਵੱਛਤਾ ਸਰਵੇਖਣ-2019’ ’ਚੋਂ ਨਗਰ ਕੌਂਸਲ ਦਿਡ਼੍ਹਬਾ ਨੂੰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਦਿਡ਼੍ਹਬਾ ਨੂੰ ਇਹ ਐਵਾਰਡ ਮਿਲਣਾ ਮਾਣ ਵਾਲੀ ਗੱਲ ਹੈ। ਇਹ ਐਵਾਰਡ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 7 ਸ਼ਹਿਰਾਂ ਨੂੰ ਸਵੱਛਤਾ ਸਰਵੇਖਣ ਦੀਆਂ ਵੱਖ-ਵੱਖ ਸ਼੍ਰੇਣੀਆਂ ਤਹਿਤ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਇਸ ਵਿਚ ਦਿਡ਼੍ਹਬਾ ਨਗਰ ਕੌਂਸਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਇਕ ਲੱਖ ਤੋਂ ਘੱਟ ਗਿਣਤੀ ਵਾਲੀ ਸਥਾਨਕ ਸਰਕਾਰ ਸੰਸਥਾਵਾਂ ਦੀ ਸ਼੍ਰੇਣੀ ਵਿਚ ਹਾਸਲ ਹੋਇਆ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਦਿਡ਼੍ਹਬਾ ਨਗਰ ਕੌਂਸਲ ਦੀ ਤਰਫੋਂ ਜਿਸ ਤਰ੍ਹਾਂ ਪੂਰੀ ਮਿਹਨਤ ਤੇ ਲਗਨ ਨਾਲ ਤਿਆਰੀ ਕੀਤੀ ਜਾ ਰਹੀ ਸੀ, ਉਸ ਦਾ ਫ਼ਲ ਮਿਲਣਾ ਯਕੀਨੀ ਸੀ। ਉਨ੍ਹਾਂ ਦਿਡ਼੍ਹਬਾ ਨਿਵਾਸੀਆਂ ਨੂੰ ਵੀ ਸਫਾਈ ਰੱਖਣ ਅਤੇ ਇਸ ਮੁਕਾਮ ’ਤੇ ਪੁੱਜਣ ’ਚ ਦਿੱਤੇ ਸਹਿਯੋਗ ਲਈ ਮੁਬਾਰਕਬਾਦ ਦਿੱਤੀ।
