ਅਧਿਆਪਕਾਂ ਦੇ ਲਾਠੀਚਾਰ ਦੇ ਵਿਰੋਧ ’ਚ ਅਰਥੀ ਫੂਕ ਮੁਜ਼ਾਹਰਾ
Tuesday, Feb 12, 2019 - 04:23 AM (IST)
ਸੰਗਰੂਰ (ਬੇਦੀ, ਯਾਦਵਿੰਦਰ, ਜਨੂਹਾ,ਹਰਜਿੰਦਰ)-ਪਟਿਆਲਾ ਵਿਖੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਦੇ ਖਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾਡ਼ ਕੇ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਆਗੂ ਬਲਵਿੰਦਰ ਝਲੂਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਪਈ ਹੈ। ਚੋਣਾਂ ’ਚ ਕੀਤੇ ਵਾਅਦੇ ਵਫਾ ਨਹੀਂ ਹੋ ਰਹੇ। ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦਲਿਤਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਹਸਪਤਾਲਾਂ, ਸਕੂਲਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅਧਿਆਪਕਾਂ ਉੱਪਰ ਪਾਣੀ ਦੀਆਂ ਬੌਛਾਰਾਂ, ਅੰਨ੍ਹੇਵਾਹ ਲਾਠੀਚਾਰਜ ਕਰ ਕੇ ਦਰਜਨਾਂ ਅਧਿਆਪਕਾਂ ਨੂੰ ਜ਼ਖਮੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਵਾਰ-ਵਾਰ ਮੀਟਿੰਗ ਦਾ ਵਾਅਦਾ ਕਰ ਕੇ ਮੁੱਖ ਮੰਤਰੀ ਵੱਲੋਂ ਮੁੱਕਰ ਜਾਣਾ, ਸਰਕਾਰ ਦੇ ਲੋਕ ਵਿਰੋਧੀ ਚਿਹਰੇ ਨੂੰ ਦਿਖਾਉਂਦਾ ਹੈ। ਆਗੂਆਂ ਨੇ ਕਿਹਾ ਕਿ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵੱਲੋਂ ਇਹ ਅਰਥੀ ਸਾਡ਼ ਮੁਜ਼ਾਹਰਾ ਕਰ ਕੇ ਅਧਿਆਪਕਾਂ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ ।
