ਪਤਨੀ v/s ਪਤਨੀ : ਉਮੀਦਵਾਰਾਂ ਤੋਂ ਜ਼ਿਆਦਾ ਉਨ੍ਹਾਂ ਦੀਆਂ ਪਤਨੀਆਂ ''ਚ ਪ੍ਰਚਾਰ ਦਾ ਮੁਕਾਬਲਾ

Monday, May 13, 2019 - 11:27 AM (IST)

ਸੰਗਰੂਰ (ਵੈੱਬ ਡੈਸਕ) : ਲੋਕ ਸਭਾ ਚੋਣ ਲਈ ਜਿੱਥੇ ਹਰ ਉਮੀਦਵਾਰ ਚੋਣ ਪ੍ਰਚਾਰ ਲਈ ਦਿਨ-ਰਾਤ ਇਕ ਕਰ ਰਿਹਾ ਹੈ। ਉਥੇ ਹੀ ਉਨ੍ਹਾਂ ਦੀਆਂ ਪਤਨੀਆਂ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ। ਅੰਮ੍ਰਿਤਸਰ ਅਤੇ ਸੰਗਰੂਰ ਵਿਚ ਤਾਂ ਇਹ ਹਾਲ ਹੈ ਕਿ ਉਮੀਦਵਾਰ ਤੋਂ ਜ਼ਿਆਦਾ ਉਨ੍ਹਾਂ ਦੀਆਂ ਪਤਨੀਆਂ ਪ੍ਰਚਾਰ ਕਰਕੇ ਚਰਚਾ ਵਿਚ ਆ ਗਈਆਂ ਹਨ। ਲੋਕਾਂ ਦਾ ਤਾਂ ਇਹ ਤੱਕ ਕਹਿਣਾ ਹੈ ਕਿ ਅਜਿਹਾ ਲੱਗ ਰਿਹਾ ਹੈ ਕਿ ਮੁਕਾਬਲਾ ਇਨ੍ਹਾਂ ਦੋਵਾਂ ਪਤਨੀਆਂ ਵਿਚ ਹੀ ਹੋ ਰਿਹਾ ਹੋਵੇ। ਲੋਕਾਂ ਦਾ ਤਾਂ ਇੱਥੋਂ ਕਹਿਣਾ ਹੈ ਕਿ ਇਹ ਔਰਤਾਂ ਸਿਆਸਤ ਵਿਚ ਭਵਿੱਖ ਲਈ ਆਪਣਾ ਵੀ ਕਿਲਾ ਮਜ਼ਬੂਤ ਕਰ ਰਹੀਆਂ ਹਨ। ਕੋਈ ਔਰਤਾਂ ਦੇ ਗਲੇ ਲੱਗ ਕੇ ਤਾਂ ਕੋਈ ਬਜ਼ੁਰਗਾਂ ਦੇ ਪੈਰ ਛੂਹ ਕੇ ਇਸ ਤਰ੍ਹਾਂ ਮਿਲਦੀਆਂ ਹਨ, ਜਿਵੇਂ ਕੋਈ ਪੁਰਾਣੀ ਜਾਣ-ਪਛਾਣ ਹੋਵੇ। ਇਸ ਤੋਂ ਇਲਾਵਾ ਵੀ ਕਈ ਸੀਟਾਂ 'ਤੇ ਉਮੀਦਵਾਰਾਂ ਦੇ ਬੇਟਾ-ਬੇਟੀ ਅਤੇ ਮਾਂ ਵੀ ਚੋਣ ਪ੍ਰਚਾਰ ਵਿਚ ਆ ਚੁੱਕੇ ਹਨ।

ਸੰਗਰੂਰ - ਆਟੋ 'ਚ ਬੈਠ ਕੇ ਪ੍ਰਚਾਰ ਦੀ ਚਰਚਾ
ਸ਼੍ਰੋਅਦ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਪੱਖ ਵਿਚ ਉਨ੍ਹਾਂ ਦੀ ਪਤਨੀ ਗਗਨਦੀਪ ਕੌਰ ਅਤੇ ਮਾਂ ਹਰਜੀਤ ਕੌਰ ਢੀਂਡਸਾ ਪਸੀਨਾ ਵਹਾ ਰਹੀਆਂ ਹਨ। ਉਥੇ ਹੀ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਪਤਨੀ ਮਨਜੀਤ ਕੌਰ ਢਿੱਲੋਂ ਆਟੋ ਵਿਚ ਬੈਠ ਕੇ ਪ੍ਰਚਾਰ ਕਰ ਰਹੀ ਹੈ। 'ਆਪ' ਉਮੀਦਵਾਰ ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਮਾਨ ਅਤੇ ਸ਼੍ਰੋਅਦ (ਅ) ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਪਤਨੀ ਗੀਤਇੰਦਰ ਕੌਰ ਮਾਨ ਪ੍ਰਚਾਰ ਵਿਚ ਜੁਟੀ ਹੈ।

ਪਟਿਆਲਾ- ਬੇਟੀ ਅਤੇ ਭਾਬੀ ਵੀ ਪਿੱਛੇ ਨਹੀਂ
ਮਹਾਰਾਜਾ ਦੇ ਖਾਨਦਾਨ ਦੀ ਨੂੰਹ ਪਰਨੀਤ ਕੌਰ ਮੈਦਾਨ ਵਿਚ ਹੈ। ਪਰਨੀਤ ਦੀ ਜਿੱਤ ਲਈ ਉਨ੍ਹਾਂ ਦੀ ਬੇਟੀ ਜਯਇੰਦਰ ਕੌਰ, ਬੇਟਾ ਰਣਇੰਦਰ ਅਤੇ ਉਨ੍ਹਾਂ ਦੀ ਭਾਬੀ ਸਿੰਮੀ ਵੀ ਪ੍ਰਚਾਰ ਕਰ ਰਹੀ ਹੈ। ਪਰਨੀਤ ਦੇ ਸਾਹਮਣੇ ਧਰਮਵੀਰ ਗਾਂਧੀ ਪੀ.ਡੀ.ਏ. ਉਮੀਦਵਾਰ ਹਨ। ਨੀਨਾ ਮਿੱਤਲ 'ਆਪ' ਦੀ ਉਮੀਦਵਾਰ ਹੈ। ਉਨ੍ਹਾਂ ਦੇ ਪਤੀ ਅਜੇ ਮਿੱਤਲ ਅਤੇ ਬੇਟਾ ਲਵੀਸ਼ ਪ੍ਰਚਾਰ ਵਿਚ ਜੁਟੇ ਹਨ। ਪਰਨੀਤ ਲਈ ਕਈ ਵਾਰ ਉਨ੍ਹਾਂ ਦੇ ਪਤੀ ਕੈਪਟਨ ਵੀ ਪ੍ਰਚਾਰ ਕਰ ਚੁੱਕੇ ਹਨ।

ਬਠਿੰਡਾ - ਵੜਿੰਗ ਦੀ ਪਤਨੀ ਹਰਸਿਮਰਤ ਅੰਦਾਜ਼ ਵਿਚ
ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਪ੍ਰਚਾਰ ਵਿਚ ਜੁਟੀ ਹੈ। ਉਹ ਹਰਸਿਮਰਤ ਸਟਾਈਲ ਨਾਲ ਔਰਤਾਂ ਦੇ ਗਲੇ ਮਿਲ ਕੇ ਵੋਟ ਮੰਗ ਰਹੀ ਹੈ। ਸੁਖਪਾਲ ਖਹਿਰਾ ਦੀ ਪਤਨੀ ਜਤਿੰਦਰ ਕੌਰ ਪ੍ਰਚਾਰ ਵਿਚ ਜੁਟੀ ਹੈ। ਇਨ੍ਹਾਂ ਦਾ ਫੋਕਸ ਬਠਿੰਡਾ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ 'ਤੇ ਹੈ।

ਅੰਮ੍ਰਿਤਸਰ - ਗਲੇ ਲੱਗ ਰਹੀਆਂ, ਪੈਰ ਵੀ ਛੂਹ ਰਹੀਆਂ
ਭਾਜਪਾ ਉਮੀਦਵਾਰ ਹਰਦੀਪ ਪੁਰੀ ਦੀ ਪਤਨੀ ਲਕਸ਼ਮੀ ਪੁਰੀ ਮੋਦੀ ਦੇ ਨਾਂ 'ਤੇ ਵੋਟ ਮੰਗ ਰਹੀ ਹੈ। ਔਰਤਾਂ ਦੇ ਗਲੇ ਮਿਲਦੀ ਹੈ। ਉਥੇ ਹੀ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਪਤਨੀ ਅਦਲੀਬ ਰਾਏ ਵੀ ਬਜ਼ੁਰਗਾਂ ਦੇ ਪੈਰ ਛੂਹ ਕੇ ਪਤੀ ਲਈ ਵੋਟ ਮੰਗ ਰਹੀ ਹੈ। ਦੋਵਾਂ ਦਾ ਹੀ ਅੰਦਾਜ਼ ਵੱਖ-ਵੱਖ ਹੈ।


cherry

Content Editor

Related News