ਪੰਜਾਬ ਕੇਸਰੀ ਵਰਗੀ ਸੰਸਥਾ 'ਤੇ ਦਬਾਅ ਪਾਉਣਾ ਲੋਕਤੰਤਰ ਲਈ ਇੱਕ ਕਾਲਾ ਅਧਿਆਏ : ਸੰਦੀਪ ਜਾਖੜ

Friday, Jan 16, 2026 - 05:08 PM (IST)

ਪੰਜਾਬ ਕੇਸਰੀ ਵਰਗੀ ਸੰਸਥਾ 'ਤੇ ਦਬਾਅ ਪਾਉਣਾ ਲੋਕਤੰਤਰ ਲਈ ਇੱਕ ਕਾਲਾ ਅਧਿਆਏ : ਸੰਦੀਪ ਜਾਖੜ

ਅਬੋਹਰ (ਰਹੇਜਾ) : ਵਿਧਾਇਕ ਸੰਦੀਪ ਜਾਖੜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਕੇਸਰੀ ਸਮੂਹ ਨੂੰ ਨਿਸ਼ਾਨਾ ਬਣਾਉਣ ਅਤੇ ਸਰਕਾਰੀ ਇਸ਼ਤਿਹਾਰਬਾਜ਼ੀ ਰੋਕਣ ਵਰਗੀਆਂ ਦਮਨਕਾਰੀ ਨੀਤੀਆਂ ਦੀ ਨਿੰਦਾ ਕੀਤੀ ਹੈ। ਜਾਖੜ ਨੇ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁੱਟਣ ਅਤੇ ਮੀਡੀਆ ਨੂੰ ਡਰਾਉਣ ਦੀ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ। ਜਾਖੜ ਨੇ ਕਿਹਾ ਕਿ ਪੰਜਾਬ 'ਚ 'ਆਪ' ਸਰਕਾਰ ਆਪਣੀਆਂ ਅਸਫ਼ਲਤਾਵਾਂ ਨੂੰ ਲੁਕਾਉਣ ਲਈ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਕੇਸਰੀ ਵਰਗੀ ਵੱਕਾਰੀ ਸੰਸਥਾ 'ਤੇ ਦਬਾਅ ਪਾਉਣਾ ਲੋਕਤੰਤਰ ਲਈ ਇੱਕ ਕਾਲਾ ਅਧਿਆਏ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੱਡ ਚੀਰਵੀਂ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਉਨ੍ਹਾਂ ਕਿਹਾ ਕਿ ਸਰਕਾਰ ਇਸ਼ਤਿਹਾਰਬਾਜ਼ੀ ਅਤੇ ਹੋਰ ਮਾਧਿਅਮਾਂ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਸਰਕਾਰ ਦੀ ਲਾਈਨ 'ਤੇ ਨਾ ਚੱਲਣ ਵਾਲੇ ਮੀਡੀਆ ਘਰਾਣਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਪੂਰੀ ਤਰ੍ਹਾਂ ਤਾਨਾਸ਼ਾਹੀ ਰਵੱਈਆ ਹੈ। ਸੰਦੀਪ ਜਾਖੜ ਨੇ ਸਪੱਸ਼ਟ ਕੀਤਾ ਕਿ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਪੰਜਾਬ ਦੇ ਲੋਕਾਂ ਦੀ ਆਵਾਜ਼ 'ਤੇ ਸਿੱਧਾ ਹਮਲਾ ਹੈ। ਜੇਕਰ ਮੀਡੀਆ ਨਿਰਪੱਖਤਾ ਨਾਲ ਸਵਾਲ ਨਹੀਂ ਪੁੱਛੇਗਾ ਤਾਂ ਸਰਕਾਰ ਦੀ ਜਵਾਬਦੇਹੀ ਖ਼ਤਮ ਹੋ ਜਾਵੇਗੀ।

ਇਹ ਵੀ ਪੜ੍ਹੋ : PSTET ਦੀ ਪ੍ਰੀਖਿਆ ਇਸ ਤਾਰੀਖ਼ ਨੂੰ ਹੋਵੇਗੀ, SCERT ਨੇ ਕੀਤਾ ਐਲਾਨ

ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਮੀਡੀਆ ਖ਼ਿਲਾਫ਼ ਆਪਣੀ ਬਦਲਾਖੋਰੀ ਦੀ ਸਿਆਸਤ ਬੰਦ ਕਰਨ। ਪੰਜਾਬ ਦੇ ਲੋਕ ਅਤੇ ਵਿਰੋਧੀ ਧਿਰਾਂ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਲਈ ਪੂਰੀ ਤਰ੍ਹਾਂ ਇੱਕਜੁੱਟ ਹਨ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ 'ਚ ਚੂਰ ਆਮ ਆਦਮੀ ਪਾਰਟੀ ਉਨ੍ਹਾਂ ਸੰਸਥਾਵਾਂ ਨੂੰ ਕੁਚਲਣਾ ਚਾਹੁੰਦੀ ਹੈ, ਜਿਹੜੀਆਂ ਉਨ੍ਹਾਂ ਨੂੰ ਸ਼ੀਸ਼ਾ ਦਿਖਾਉਂਦੀਆਂ ਹਨ। ਪੰਜਾਬ ਕੇਸਰੀ ਸਮੂਹ 'ਤੇ ਦਬਾਅ ਪਾਉਣਾ ਉਨ੍ਹਾਂ ਦੀ ਅਸੁਰੱਖਿਆ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰੈੱਸ ਦੀ ਆਜ਼ਾਦੀ ਦੇ ਨਾਲ ਖੜ੍ਹੇ ਹਾਂ ਅਤੇ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦਾ ਸਖ਼ਤ ਵਿਰੋਧ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News