ਸ਼ੈੱਡ ਅਲਾਟਮੈਂਟ ਘਪਲੇ ''ਚ ਬਬਲਾ ਦੀ ਸਜ਼ਾ ''ਤੇ ਫੈਸਲਾ ਟਲਿਆ

Sunday, Apr 01, 2018 - 08:13 AM (IST)

ਸ਼ੈੱਡ ਅਲਾਟਮੈਂਟ ਘਪਲੇ ''ਚ ਬਬਲਾ ਦੀ ਸਜ਼ਾ ''ਤੇ ਫੈਸਲਾ ਟਲਿਆ

ਚੰਡੀਗੜ੍ਹ (ਸੁਸ਼ੀਲ) - ਸੈਕਟਰ-26 ਸਥਿਤ ਸਬਜ਼ੀ ਮੰਡੀ ਦੇ ਸ਼ੈੱਡ ਅਲਾਟਮੈਂਟ ਘਪਲੇ ਵਿਚ ਕਾਂਗਰਸੀ ਕੌਂਸਲਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬਬਲਾ ਦੀ ਸਜ਼ਾ 'ਤੇ ਫੈਸਲਾ ਅਦਾਲਤ ਨੇ ਸੋਮਵਾਰ ਤਕ ਟਾਲ ਦਿੱਤਾ ਹੈ। ਜ਼ਿਲਾ ਅਦਾਲਤ ਵਿਚ ਇਸ ਮਾਮਲੇ ਵਿਚ ਸ਼ਨੀਵਾਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਬਚਾਅ ਧਿਰ ਨੇ ਦਲੀਲ ਦਿੱਤੀ ਕਿ ਸੀ. ਆਰ. ਪੀ. ਸੀ. ਦੀ ਧਾਰਾ 386 ਦੇ ਤਹਿਤ ਜਦੋਂ ਸਟੇਟ ਅਪਰਾਧਿਕ ਮਾਮਲੇ ਵਿਚ ਕਿਸੇ ਹੁਕਮ ਦੇ ਖਿਲਾਫ ਅਪੀਲ ਦਾਖਲ ਕਰਦਾ ਹੈ ਤਾਂ ਅਡੀਸ਼ਨਲ ਸੈਸ਼ਨ ਜੱਜ ਦੀ ਪਾਵਰ ਵੀ ਟ੍ਰਾਇਲ ਅਦਾਲਤ ਦੇ ਬਰਾਬਰ ਹੋ ਜਾਂਦੀ ਹੈ। ਇਸ ਤਰ੍ਹਾਂ ਅਦਾਲਤ ਇਸ ਮਾਮਲੇ ਵਿਚ ਬਬਲਾ ਨੂੰ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਨਹੀਂ ਸੁਣਾ ਸਕਦੀ। ਅਦਾਲਤ ਨੇ ਜਦੋਂ ਇਸਤਗਾਸਾ ਧਿਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਤਾਂ ਸਰਕਾਰੀ ਵਕੀਲ ਨੇ ਜਵਾਬ ਦਾਖਲ ਕਰਨ ਲਈ ਸਮਾਂ ਮੰਗਿਆ। ਇਸ 'ਤੇ ਅਦਾਲਤ ਨੇ ਸਜ਼ਾ ਦਾ ਫੈਸਲਾ ਸੋਮਵਾਰ ਤਕ ਟਾਲ ਦਿੱਤਾ।
ਬਬਲਾ ਨੇ ਕੀਤੀ ਨਰਮੀ ਦੀ ਅਪੀਲ : ਪੁਲਸ ਨੇ ਮੁਲਜ਼ਮ ਦਵਿੰਦਰ ਸਿੰਘ ਬਬਲਾ ਨੂੰ ਸਵੇਰੇ 11 ਵਜੇ ਅਦਾਲਤ ਵਿਚ ਪੇਸ਼ ਕੀਤਾ। ਪੇਸ਼ੀ ਤੋਂ ਪਹਿਲਾਂ ਹੀ ਬਬਲਾ ਦੇ 84 ਸਾਲਾ ਪਿਤਾ, ਦੋਵੇਂ ਬੇਟਿਆਂ ਸਮੇਤ ਕਈ ਸਮਰਥਕ ਅਦਾਲਤ ਵਿਚ ਪਹੁੰਚ ਚੁੱਕੇ ਸਨ। ਅਦਾਲਤ ਵਿਚ ਪੇਸ਼ੀ ਦੌਰਾਨ ਬਬਲਾ ਨੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਨਰਮੀ ਦੀ ਅਪੀਲ ਕੀਤੀ। ਬਬਲਾ ਨੇ ਅਦਾਲਤ ਨੂੰ ਕਿਹਾ ਕਿ ਉਹ 2016 ਤੋਂ ਕਾਂਗਰਸ ਕੌਂਸਲਰ ਹਨ। ਉਸ ਦੀ ਪਤਨੀ ਵੀ ਕੌਂਸਲਰ ਰਹਿ ਚੁੱਕੀ ਹੈ। ਉਸ ਦੇ ਦੋਵੇਂ ਬੇਟੇ ਐੱਮ. ਬੀ. ਏ. ਹਨ ਤੇ ਹੁਣ ਇਕ ਬੇਟਾ ਵਕੀਲ ਹੈ। ਬਬਲਾ ਨੇ ਆਪਣੇ ਬਚਾਅ ਵਿਚ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਜੁਰਮ ਨਹੀਂ ਕੀਤਾ ਹੈ। ਜਿਹੜੇ ਮਾਮਲੇ ਵਿਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਸ ਵਿਚ ਮਾਰਕੀਟ ਕਮੇਟੀ ਦੇ ਚੇਅਰਮੈਨ ਕੋਲ ਅਥਾਰਟੀ ਹੀ ਨਹੀਂ ਹੁੰਦੀ ਹੈ, ਜਿਸ ਵਿਚ ਉਹ ਕਿਸੇ ਨੂੰ ਸ਼ੈੱਡ ਅਲਾਟ ਕਰ ਸਕੇ। ਉਹ ਸਿਰਫ਼ ਪ੍ਰਪੋਜ਼ਲ ਬਣਾ ਕੇ ਮੇਅਰ ਤੇ ਡੀ. ਸੀ. ਨੂੰ ਭੇਜਦੇ ਹਨ। ਆਖਰੀ ਫੈਸਲਾ ਉਨ੍ਹਾਂ ਦੇ ਪੱਧਰ 'ਤੇ ਹੀ ਹੁੰਦਾ ਹੈ।
ਇਹ ਸੀ ਮਾਮਲਾ : ਸੈਕਟਰ-26 ਸਬਜ਼ੀ ਮੰਡੀ ਦੇ ਦੁਕਾਨਦਾਰ ਸੂਰਜ ਪ੍ਰਕਾਸ਼ ਅਹੂਜਾ ਨੇ 19 ਅਗਸਤ, 2009 ਨੂੰ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਸੀ ਕਿ 24 ਜੁਲਾਈ ਨੂੰ ਹੋਈ ਸ਼ੈੱਡ ਅਲਾਟਮੈਂਟ ਨੀਲਾਮੀ ਵਿਚ ਬਬਲਾ ਨੇ ਬੇਨਿਯਮੀਆਂ ਵਰਤਦਿਆਂ ਆਪਣੇ ਕੁਝ ਖਾਸ ਲੋਕਾਂ ਨੂੰ ਵੱਖਰੇ ਤੌਰ 'ਤੇ ਸ਼ੈੱਡ ਅਲਾਟ ਕੀਤੇ ਸਨ। ਨਿਯਮਾਂ ਦੇ ਤਹਿਤ 59 ਲੋਕਾਂ ਨੂੰ ਸ਼ੈੱਡ ਅਲਾਟ ਹੋਣੇ ਸਨ ਪਰ ਜਾਅਲੀ ਕਾਗਜ਼ਾਂ ਦੇ ਆਧਾਰ 'ਤੇ ਮਾਰਕੀਟ ਕਮੇਟੀ ਦੇ ਤਤਕਾਲੀ ਚੇਅਰਮੈਨ ਦਵਿੰਦਰ ਸਿੰਘ ਬਬਲਾ ਨੇ 69 ਲੋਕਾਂ ਨੂੰ ਸ਼ੈੱਡ ਅਲਾਟ ਕਰ ਦਿੱਤੇ। ਇਸ ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-26 ਥਾਣੇ ਵਿਚ ਬਬਲਾ ਖਿਲਾਫ ਧੋਖਾਦੇਹੀ ਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ।
ਕੇਸ ਦਰਜ ਹੋਣ ਤੋਂ ਬਾਅਦ ਬਬਲਾ ਫਰਾਰ ਹੋ ਗਿਆ ਸੀ। ਫਰਾਰ ਬਬਲਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਜ਼ਿਲਾ ਅਦਾਲਤ ਤੇ ਬਾਅਦ ਹਾਈ ਕੋਰਟ ਤੋਂ ਖਾਰਿਜ ਹੋਣ ਤੋਂ ਬਾਅਦ ਉਸ ਨੇ ਸਰੰਡਰ ਕਰ ਦਿੱਤਾ ਸੀ। ਇਸ ਤੋਂ ਬਾਅਦ ਬਬਲਾ 11 ਮਹੀਨੇ ਬੁੜੈਲ ਜੇਲ ਵਿਚ ਰਿਹਾ ਸੀ। ਟ੍ਰਾਇਲ ਤੋਂ ਬਾਅਦ ਅਦਾਲਤ ਨੇ ਬਬਲਾ ਨੂੰ ਦੋਸ਼ੀ ਪਾਉਂਦਿਆਂ ਪ੍ਰੋਬੇਸ਼ਨ 'ਤੇ ਛੱਡ ਦਿੱਤਾ ਸੀ।
ਸਜ਼ਾ ਸੁਣਾਈ ਤਾਂ ਮੇਰਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ : ਬਬਲਾ
ਬਬਲਾ ਨੇ ਅਦਾਲਤ ਵਿਚ ਕਿਹਾ ਕਿ ਉਸ 'ਤੇ ਦੋਸ਼ ਹਨ ਕਿ ਉਸ ਨੇ ਆਪਣੇ ਚੇਹਤਿਆਂ ਨੂੰ ਸ਼ੈੱਡ ਅਲਾਟ ਕੀਤੇ ਹਨ ਪਰ ਜੇਕਰ ਉਸ ਨੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਇਆ ਹੁੰਦਾ ਤਾਂ ਉਹ ਉਸ ਤੋਂ ਬਾਅਦ ਚੋਣਾਂ ਵਿਚ ਨਹੀਂ ਹਾਰਦਾ। ਇਸ ਦੇ ਬਾਵਜੂਦ ਉਸ 'ਤੇ ਧੋਖਾਦੇਹੀ ਦਾ ਕੇਸ ਦਰਜ ਹੋਇਆ। ਇਸ ਵਿਚ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਇਕ ਸਾਲ ਦੇ ਪ੍ਰੋਬੇਸ਼ਨ 'ਤੇ ਛੱਡ ਦਿੱਤਾ ਗਿਆ। ਇਸ ਹੁਕਮ ਨੂੰ ਉਸ ਨੇ ਖੁਦ ਉਪਰਲੀ ਅਦਾਲਤ ਵਿਚ ਚੁਣੌਤੀ ਦਿੱਤੀ ਕਿਉਂਕਿ ਉਹ ਜਾਣਦਾ ਹੈ ਕਿ ਉਸ ਨੇ ਅਜਿਹਾ ਕੋਈ ਜੁਰਮ ਕੀਤਾ ਹੀ ਨਹੀਂ ਹੈ।
ਬਬਲਾ ਨੇ ਕਿਹਾ ਕਿ ਉਸ ਨੇ ਏ. ਡੀ. ਸੀ. ਖਿਲਾਫ ਆਵਾਜ਼ ਚੁੱਕੀ ਸੀ, ਜਿਸ ਕਾਰਨ ਉਸ 'ਤੇ ਤਿੰਨ ਕੇਸ ਦਰਜ ਹੋਏ। ਹਾਲਾਂਕਿ ਇਨ੍ਹਾਂ ਵਿਚੋਂ ਦੋ ਵਿਚੋਂ ਉਹ ਬਰੀ ਹੋ ਚੁੱਕਾ ਹੈ। ਬਬਲਾ ਨੇ ਅਦਾਲਤ ਵਿਚ ਕਿਹਾ ਕਿ ਇਹ ਸਭ ਸਿਆਸੀ ਰੰਜਿਸ਼ ਤਹਿਤ ਕੀਤਾ ਗਿਆ ਹੈ। ਉਹ 30 ਸਾਲਾਂ ਤੋਂ ਸ਼ਹਿਰ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਸ ਦੇ 84 ਸਾਲਾ ਪਿਤਾ ਦਿਲ ਦੇ ਮਰੀਜ਼ ਹਨ। ਉਸ ਨੇ ਛੋਟੇ ਬੇਟੇ ਦਾ ਵਿਆਹ ਕਰਨਾ ਹੈ। ਇਸ ਮਾਮਲੇ ਵਿਚ ਜੇਕਰ ਉਸ ਨੂੰ ਸਜ਼ਾ ਹੋਈ ਤਾਂ ਉਸ ਦਾ 30 ਸਾਲਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ ਤੇ ਉਸ ਦੇ ਪਰਿਵਾਰ ਦੀ ਇੱਜ਼ਤ ਵੀ ਖਤਮ ਹੋ ਜਾਵੇਗੀ।


Related News