ਖੰਨਾ ਵਿਚ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
Friday, Mar 06, 2026 - 11:16 AM (IST)
ਖੰਨਾ (ਵਿਪਨ): ਖੰਨਾ ਵਿਖੇ ਅਟਵਾਲ ਪੈਲਸ ਦੇ ਨੇੜੇ ਪਰਾਲੀ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।
ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਪਰਾਲੀ ਨਾਲ ਭਰੀ ਹੋਈ ਅਟਵਾਲ ਪੈਲਸ ਰੋਡ ਤੋਂ ਲੰਘ ਰਹੀ ਸੀ। ਇਸ ਦੌਰਾਨ ਅਚਾਨਕ ਟਰੈਕਟਰ-ਟਰਾਲੀ ਦੀ ਟੱਕਰ ਸੜਕ ਕਿਨਾਰੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਹੋ ਗਈ। ਟੱਕਰ ਤੋਂ ਬਾਅਦ ਟਰਾਂਸਫਾਰਮਰ ਵਿਚੋਂ ਨਿਕਲੀ ਚਿੰਗਾਰੀ ਪਰਾਲੀ 'ਤੇ ਪੈ ਗਈ, ਜਿਸ ਨਾਲ ਟਰਾਲੀ ਵਿਚ ਅੱਗ ਲੱਗ ਗਈ। ਪਰਾਲੀ ਸੁੱਕੀ ਹੋਣ ਕਰਕੇ ਅੱਗ ਤੇਜ਼ੀ ਨਾਲ ਫੈਲਣ ਲੱਗੀ ਅਤੇ ਮੌਕੇ 'ਤੇ ਘਬਰਾਹਟ ਦਾ ਮਾਹੌਲ ਬਣ ਗਿਆ।
ਘਟਨਾ ਸਥਾਨ ਦੇ ਨੇੜੇ ਹੀ ਪੌਸ਼ ਇਲਾਕਾ ਕਿਸਾਨ ਇਨਕਲੇਵ ਵੀ ਸਥਿਤ ਹੈ। ਅੱਗ ਦੀਆਂ ਲਪਟਾਂ ਦੇਖ ਕੇ ਉਥੇ ਮੌਜੂਦ ਲੋਕ ਵੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਯਤਨ ਕਰਨ ਲੱਗ ਪਏ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਮੌਕੇ ਦੇ ਗਵਾਹ ਰਾਹਗੀਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੇ ਟਰੱਕ ਕਾਰਨ ਟਰਾਲੀ ਨੂੰ ਸਾਈਡ ਲੈਣੀ ਪਈ। ਇਸ ਦੌਰਾਨ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਕੋਲੋਂ ਚਿੰਗਾਰੀ ਨਿਕਲੀ ਅਤੇ ਪਰਾਲੀ ਦੀ ਗੱਠਾਂ ਨੂੰ ਅੱਗ ਫੜ ਲਈ। ਮੌਕੇ 'ਤੇ ਪਹੁੰਚ ਕੇ ਫਾਇਰ ਬਗੇੜ ਦੀ ਟੀਮਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਪੁਨੀਤ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਸੀ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰਾਲੀ ਦੇ ਦੋ ਟਾਇਰ ਸੜ ਗਏ ਜਿਸ ਨਾਲ ਆਰਥਿਕ ਨੁਕਸਾਨ ਹੋਇਆ। ਸੜਕ ਸੁਰੱਖਿਆ ਫੋਰਸ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਅੱਗ 'ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ। ਪਰ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
