ਫੁੱਲਾਂ ਦੀ ਖੁਸ਼ਬੂ ਨਾਲ ਮਹਿਕੇਗਾ ''ਚੰਡੀਗੜ੍ਹ'', ਹੋਵੇਗੀ ਖੂਬ ਮਸਤੀ

02/22/2018 9:53:22 AM

ਚੰਡੀਗੜ੍ਹ (ਸੰਦੀਪ) : ਸਿਟੀ ਬਿਊਟੀਫੁੱਲ 'ਚ ਸ਼ੁੱਕਰਵਾਰ ਨੂੰ 829 ਕਿਸਮ ਦੇ ਫੁੱਲਾਂ ਦੀ ਮਹਿਕ ਹਰ ਕਿਸੇ ਨੂੰ ਮੰਤਰ-ਮੁਗਧ ਕਰ ਦੇਵੇਗੀ। ਮਨਿਸਟਰੀ ਆਫ ਟੂਰਿਜ਼ਮ ਅਤੇ ਨਗਰ ਨਿਗਮ ਦੇ ਸਾਂਝੇ ਸਹਿਯੋਗ ਨਾਲ ਸ਼ਹਿਰ 'ਚ ਸ਼ੁੱਕਰਵਾਰ ਨੂੰ 46ਵਾਂ 'ਰੋਜ਼ ਫੈਸਟੀਵਲ' ਸ਼ੁਰੂ ਹੋਣ ਜਾ ਰਿਹਾ ਹੈ। ਇਸ 3 ਦਿਨਾਂ ਫੈਸਟੀਵਾਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਬਦਨੌਰ ਕਰਨਗੇ। ਉਨ੍ਹਾਂ ਦੱਸਿਆ ਕਿ 'ਰੋਜ਼ ਫੈਸਟੀਵਲ' 'ਤੇ ਸੈਰ-ਸਪਾਟਾ ਵਿਭਾਗ ਵਲੋਂ 68 ਲੱਖ ਰੁਪਏ ਖਰਚੇ ਜਾਣਗੇ।
ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ
ਮੇਅਰ ਨੇ ਦੱਸਿਆ ਕਿ ਮਨਿਸਟਰੀ ਆਫ ਟੂਰਿਜ਼ਮ ਅਤੇ ਨਗਰ ਨਿਗਮ 'ਰੋਜ਼ ਫੈਸਟੀਵਲ' ਨੂੰ ਰਾਸ਼ਟਰੀ ਪੱਧਰ ਤੋਂ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਮਨਾਏ ਜਾਣ ਦੀਆਂ ਕੋਸ਼ਿਸ਼ਾਂ 'ਚ ਜੁੱਟ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਅਗਲਾ 'ਰੋਜ਼ ਫੈਸਟੀਵਲ' ਰਾਸ਼ਟਰੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਵਿਦੇਸ਼ਾਂ ਦੀਆਂ ਅੰਬੈਸੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। 
ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ
'ਫੈਸਟੀਵਲ' ਦੌਰਾਨ ਦਰਸ਼ਕਾਂ ਦਾ ਮਨੋਰੰਜਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਇਸ ਤਹਿਤ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ, ਪੰਜਾਬੀ ਗਾਇਖ ਗਿੱਪੀ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਲੋਕਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਇਸ ਤੋਂ ਇਲਾਵਾ ਰੋਜ਼ ਗਾਰਡਨ ਦੇ ਸਾਹਮਣੇ ਮੈਦਾਨ 'ਚ ਇਕ 'ਡਾਗ ਸ਼ੋਅ' ਦਾ ਵੀ ਆਯੋਜਨ ਕੀਤਾ ਗਿਆ ਹੈ। 
ਫੈਸਟੀਵਲ ਦੀ ਖਾਸ ਥੀਮ
ਇਸ ਵਾਰ ਰੋਜ਼ ਗਾਰਡਨ ਨੂੰ ਚਾਈਲਡ ਫਰੈਂਡਲੀ ਬਣਾਏ ਜਾਣ, ਸਪੈਸ਼ਲ ਚਿਲਡਰਨ ਅਤੇ ਟਰਾਂਸਜੈਂਡਰ ਨੂੰ ਸਮਾਜ 'ਚ ਅਛੂਤਾ ਨਾ ਸਮਝਿਆ ਜਾਵੇ, ਫੈਸਟੀਵਲ ਦੀ ਥੀਮ ਰਹੇਗੀ। ਮੇਅਰ ਨੇ ਦੱਸਿਆ ਕਿ ਫੈਸਟੀਵਲ 'ਚ ਵਿਸ਼ੇਸ਼ ਤਰ੍ਹਾਂ ਦੇ ਸਟਾਲ ਲਾ ਕੇ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਕਰਕੇ ਅਸੀਂ ਬੱਚਿਆਂ ਨਾਲ ਹੋਣ ਵਾਲੇ ਅਪਰਾਧਾਂ 'ਤੇ ਰੋਕ ਲਾਉਣ 'ਚ ਯੋਗਦਾਨ ਪਾ ਸਕਦੇ ਹਾਂ।


Related News