ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸਾਰੇ ਮੁਲਾਜ਼ਮਾਂ ਦਾ ਮੰਗਿਆ ਗਿਆ ਡਾਟਾ, ਧਮਕੀ ਭਰੀ ਚਿੱਠੀ ਮਿਲਣ ਮਗਰੋਂ ਵਧੀ ਸਖ਼ਤੀ

06/18/2024 12:01:57 PM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰੀਡੈਂਟ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੱਫ.) ਤੇ ਜੀ. ਆਰ. ਪੀ. ਨੇ ਸਖ਼ਤੀ ਕਰ ਦਿੱਤੀ ਹੈ। ਇਸ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਜਾਣ ਵਾਲੇ ਪਾਰਸਲਾਂ ਤੇ ਰੇਲ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਟੇਸ਼ਨ 'ਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦਾ ਡਾਟਾ ਆਰ. ਪੀ. ਐੱਫ. ਵੱਲੋਂ ਮੰਗਿਆ ਗਿਆ ਹੈ, ਜਦੋਂ ਕਿ ਸਾਰੇ ਮੁਲਾਜ਼ਮਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰ. ਪੀ. ਐੱਫ. ਤੇ ਜੀ. ਆਰ. ਪੀ. ਨੇ ਸਾਰੇ ਠੇਕੇਦਾਰਾਂ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਆਪਣੇ ਮੁਲਾਜ਼ਮਾਂ ਦੀ ਪੁਲਸ ਵੈਰੀਫਿਕੇਸ਼ਨ ਤੇ ਡਾਟਾ ਜਮ੍ਹਾਂ ਕਰਵਾਉਣ।

ਇਹ ਵੀ ਪੜ੍ਹੋ : ਪਿਛਲੀ ਚੋਣ ’ਚ ‘ਆਪ’ ਦੀ ਟਿਕਟ ’ਤੇ ਵਿਧਾਇਕ ਬਣੇ ਸ਼ੀਤਲ ਅੰਗੁਰਾਲ ਇਸ ਵਾਰ ਬਣੇ BJP ਦੇ ਉਮੀਦਵਾਰ

ਇਸ ਦੇ ਨਾਲ ਹੀ ਆਟੋ ਤੇ ਟੈਕਸੀ ਚਾਲਕਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਆਰ. ਪੀ. ਐੱਫ. ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕੁੱਝ ਠੇਕੇਦਾਰਾਂ ਵੱਲੋਂ ਡਾਟਾ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਵਾਸ਼ਿੰਗ ਲਾਈਨ, ਪਾਰਸਲ, ਸਟੇਸ਼ਨ ਦੀ ਸਫ਼ਾਈ ਤੇ ਬਿਜਲੀ ਵਿਭਾਗ ਸਮੇਤ ਕਈ ਵਿਭਾਗਾਂ 'ਚ ਮੁਲਾਜ਼ਮ ਠੇਕੇ 'ਤੇ ਕੰਮ ਕਰਦੇ ਹਨ। ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਇਨ੍ਹਾਂ ਸਾਰੇ ਮੁਲਾਜ਼ਮਾਂ ਦਾ ਡਾਟਾ ਮੰਗਿਆ ਗਿਆ ਹੈ। ਇੰਨਾ ਹੀ ਨਹੀਂ ਰੇਲਵੇ ਸਟੇਸ਼ਨ ਦੇ ਟੀ-ਸਟਾਲ 'ਤੇ ਕੰਮ ਕਰਨ ਵਾਲੇ ਵਿਕਰੇਤਾਵਾਂ ਤੋਂ ਵੀ ਡਾਟਾ ਮੰਗਿਆ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ 'ਤੇ ਪੂਰੀ ਚੌਕਸੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅੱਜ 'ਲੂ' ਦਾ ਅਲਰਟ, ਦੁਪਹਿਰ 12 ਤੋਂ 3 ਵਜੇ ਤੱਕ ਜਾਰੀ ਹੋਈ Warning
ਜੰਮੂ-ਕਸ਼ਮੀਰ ਜਾਣ ਵਾਲੇ ਪਾਰਸਲਾਂ ਦੀ ਹੋ ਰਹੀ ਹੈ ਚੈਕਿੰਗ
ਆਰ. ਪੀ. ਐੱਫ. ਵੱਲੋਂ ਪਾਰਸਲ ਮਾਸਟਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਪਾਰਸਲ ਬੁੱਕ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਜਾਵੇ ਭਾਵ ਜੋ ਵਪਾਰੀ ਜਾਂ ਕੋਈ ਵਿਅਕਤੀ ਜੰਮੂ -ਕਸ਼ਮੀਰ ਲਈ ਸਾਮਾਨ ਬੁੱਕ ਕਰਦਾ ਹੈ, ਉਸ ਦੀ ਚੈਕਿੰਗ ਤੇ ਉਸ ਦਾ ਡਾਟਾ ਲਿਆ ਜਾਵੇ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੇ ਪੰਜਾਬ ਨੂੰ ਜਾਣ ਵਾਲੀਆਂ ਸਾਰੀਆਂ ਰੇਲਾਂ ਨੂੰ ਡਾਗ ਸਕੁਐਡ ਰਾਹੀਂ ਸਟੇਸ਼ਨ ਤੋਂ ਚੈੱਕ ਕੀਤਾ ਜਾ ਰਿਹਾ ਹੈ।
ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਤੋਂ ਵੀ ਮੰਗੀ ਪੁਲਸ ਵੈਰੀਫਿਕੇਸ਼ਨ
ਆਰ. ਪੀ. ਐੱਫ. ਤੋਂ ਬਾਅਦ ਜੀ. ਆਰ. ਪੀ. ਨੇ ਵੀ ਤਿਆਰੀ ਕਰ ਲਈ ਹੈ, ਜਿਸ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕੰਮ ਕਰ ਰਹੇ ਆਟੋ ਤੇ ਟੈਕਸੀ ਚਾਲਕਾਂ ਤੋਂ ਪੁਲਸ ਵੈਰੀਫਿਕੇਸ਼ਨ ਸਰਟੀਫਿਕੇਟ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 500 ਤੋਂ ਵੱਧ ਆਟੋ ਰਿਕਸ਼ਾ ਚਾਲਕ ਹਨ। ਇਸ ਲਈ ਇਨ੍ਹਾਂ ਦਾ ਡਾਟਾ ਇਕੱਠਾ ਕਰਨਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News