ਗਰਮੀਆਂ ਦੇ ਮੌਸਮ ’ਚ ਤਰਬੂਜ਼ ਦੀ ਮੰਗ ਵਧੀ, ਫਲ ਵਿਕਰੇਤਾਵਾਂ ਦੀ ਖੂਬ ਚਾਂਦੀ

Tuesday, May 28, 2024 - 12:03 PM (IST)

ਮਾਨਸਾ (ਜੱਸਲ) : ਜਿਵੇਂ-ਜਿਵੇਂ ਇਲਾਕੇ 'ਚ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ, ਉਸੇ ਤਰ੍ਹਾਂ ਇਲਾਕੇ 'ਚ ਪੀਣ ਵਾਲੀਆਂ ਵਸਤਾਂ ਅਤੇ ਤਰਬੂਜ਼ ਵਰਗੇ ਫਲਾਂ ਦੀ ਵਿਕਰੀ ਤੇਜ਼ ਹੁੰਦੀ ਜਾ ਰਹੀ ਹੈ, ਜਿਸ ਨਾਲ ਫਲ ਵਿਕਰੇਤਾ ਅਤੇ ਜੂਸ ਮਾਲਕਾਂ ਦੀ ਖੂਬ ਚਾਂਦੀ ਬਣੀ ਹੋਈ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਭਾਰੀ ਗਰਮੀ ਤੋਂ ਨਿਜਾਤ ਪਾਉਣ ਲਈ ਪੀਣ ਵਾਲੇ ਪਦਾਰਥਾਂ ਅਤੇ ਤਰਬੂਜ਼ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇਹ ਗਰਮੀ ਵਿਚ ਠੰਡਕ ਪੈਦਾ ਕਰਕੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ।

ਉਥੇ ਹੀ ਤਰਬੂਜ਼ ਵਿਕਰੇਤਾਵਾਂ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ਦੀ ਤਰਬੂਜ਼ਾਂ ਦੀ ਵਿਕਰੀ ਚੰਗੀ ਹੋ ਰਹੀ ਹੈ ਕਿਉਂਕਿ ਭਾਰੀ ਗਰਮੀ ਦੇ ਵਿਚਕਾਰ ਲੋਕ ਤਰਬੂਜ ਖਰੀਦਣਾ ਫ਼ਾਇਦੇ ਦਾ ਸੌਦਾ ਮੰਨਦੇ ਹਨ। ਪੰਜਾਬ ਅੰਦਰ ਮਈ ਮਹੀਨੇ ਵਿਚ ਅੰਤਾਂ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਦੁਪਹਿਰ ਸਮੇਂ ਸੜਕਾਂ ਅਤੇ ਬਾਜ਼ਾਰ ਸੁੰਨਸਾਨ ਹੋ ਜਾਂਦੇ ਹਨ ਅਤੇ ਗਰਮੀ ਕਾਰਨ ਪਾਰਾ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ, ਜਿਸ ਕਰਕੇ ਲੋਕ ਗੰਨੇ ਦਾ ਜੂਸ, ਠੰਡੇ ਅਤੇ ਹੋਰ ਤਰਲ ਪਦਾਰਥ ਦਾ ਸੇਵਨ ਕਰਕੇ ਗਰਮੀ ਤੋਂ ਰਾਹਤ ਪਾਉਂਦੇ ਹਨ।

ਇਸੇ ਤਰ੍ਹਾਂ ਹੀ ਅੱਜ-ਕੱਲ੍ਹ ਬਾਜ਼ਾਰਾਂ ਅੰਦਰ ਤਰਬੂਜ਼ ਦੀ ਖੂਬ ਵਿਕਰੀ ਹੋ ਰਹੀ ਹੈ। ਤਰਬੂਜ਼ ਖਾ ਕੇ ਲੋਕ ਗਰਮੀ ਤੋਂ ਰਾਹਤ ਪਾਉਂਦੇ ਹਨ। ਜਿੱਥੇ ਦੂਜੇ ਫਰੂਟ ਕਾਫੀ ਮਹਿੰਗੇ ਭਾਅ ਵਿਕ ਰਹੇ ਹਨ, ਜੋ ਗਰੀਬ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ, ਉੱਥੇ ਤਰਬੂਜ਼ ਦੇ ਰੇਟ 15 ਤੋਂ 20 ਰੁਪਏ ਕਿੱਲੋ ਦੇ ਵਿਚਕਾਰ ਹੈ। ਜਿੱਥੇ ਬਾਜ਼ਾਰਾਂ ਵਿਚ ਕਾਫੀ ਵਧੀਆਂ ਕਿਸਮ ਦੇ ਤਰਬੂਜ਼ ਵਿਕ ਰਹੇ ਹਨ, ਉਥੇ ਹੀ ਕੁਝ ਲਾਲਚੀ ਕਿਸਮ ਦੇ ਲੋਕ ਗਲੇ ਸੜੇ ਫਲ਼ ਅਤੇ ਤਰਬੂਜ਼ ਆਦਿ ਵੇਚ ਕੇ ਆਮ ਲੋਕਾਂ ਦੀ ਕੀਮਤੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਜ਼ਿਲ੍ਹਾ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਮੇਂ-ਸਮੇਂ ’ਤੇ ਫਰੂਟ ਅਤੇ ਸਬਜ਼ੀ ਵਿਕਰੇਤਾਂ ਦੀਆਂ ਦੁਕਾਨਾਂ ਦੀ ਜਾਂਚ ਹੋਣੀ ਜ਼ਰੂਰੀ ਹੈ।
 


Babita

Content Editor

Related News