ਆਨਲਾਈਨ ਸਿਸਟਮ ਨੇ ਉਸਾਰੀ ਕਿਰਤੀ ਭਲਾਈ ਸਕੀਮਾਂ ਦਾ ਲੱਕ ਤੋਡ਼ਿਆ : ਐੱਨ. ਐੱਲ. ਓ

01/23/2019 9:23:04 AM

ਰੋਪੜ (ਪ੍ਰਭਾਕਰ)-ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ. ਐੱਲ. ਓ.) ਦੀਆਂ ਮਜ਼ਦੂਰ ਪੰਚਾਇਤਾਂ ਵਿਚ ਕਿਰਤੀ ਲੋਕ ਵੱਡੀ ਪੱਧਰ ’ਤੇ ਲਾਮਬੰਦ ਹੋ ਰਹੇ ਹਨ। ਮੁਹੱਲਾ ਸਰਾਫਾ ਵਿਖੇ ਜੁਡ਼ੀ ਇਕ ਵੱਡੀ ਮਜ਼ਦੂਰ ਪੰਚਾਇਤ ਵਿਚ ਕਿਰਤੀਆਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਪਰੰਤ ਐੱਨ. ਐੱਲ. ਓ. ਦੇ ਮੁਖੀ ਬਲਦੇਵ ਭਾਰਤੀ ਨੇ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਅਤੇ ਭਲਾਈ ਸਕੀਮਾਂ ਲਈ ਸਤੰਬਰ 2017 ਤੋਂ ਸ਼ੁਰੂ ਹੋਏ ਬੇ-ਤਰਤੀਬੇੇ ਅਤੇ ਮਜ਼ਦੂਰ ਮਾਰੂ ਆਨਲਾਈਨ ਸਿਸਟਮ ਨੇ ਉਸਾਰੀ ਕਿਰਤੀ ਭਲਾਈ ਸਕੀਮਾਂ ਦਾ ਬੁਰੀ ਤਰ੍ਹਾਂ ਲੱਕ ਤੋਡ਼ਿਆ ਹੈ। ਇਸ ਸਿਸਟਮ ਦੀਆਂ ਵੱਡੀਆਂ ਉਣਤਾਈਆਂ ਕਾਰਨ ਜਿੱਥੇ ਹਜ਼ਾਰਾਂ ਉਸਾਰੀ ਕਿਰਤੀ ਰਜਿਸਟਰਡ ਨਹੀਂ ਹੋ ਸਕੇ ਅਤੇ ਹਜ਼ਾਰਾਂ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਲਾਭਪਾਤਰੀ ਕਾਰਡ ਰੀਨਿਊ ਨਾ ਹੋਣ ਕਾਰਨ ਭਲਾਈ ਸਕੀਮਾਂ ਵਜ਼ੀਫਾ, ਸ਼ਗਨ, ਐਕਸਗਰੇਸ਼ੀਆ ਗ੍ਰਾਂਟ ਸਕੀਮ ਆਦਿ ਤੋਂ ਵਾਂਝੇ ਰਹਿ ਗਏ। ਇਨ੍ਹਾਂ ’ਚ ਅਨੇਕਾਂ ਉਸਾਰੀ ਕਿਰਤੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਲਾਭਪਾਤਰੀ ਕਾਰਡ ਚੁੱਕ ਕੇ ਇਸ ਸਰਕਾਰੀ ਸਿਸਟਮ ਦਾ ਸਿਆਪਾ ਕਰ ਰਹੀਆਂ ਹਨ। ਲੋਡ਼ੀਂਦਾ ਸਿਸਟਮ ਨਾ ਚੱਲਣ ਕਰ ਕੇ ਉਸਾਰੀ ਕਿਰਤੀ ਵੱਡੀ ਪੱਧਰ ’ਤੇ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਬਲਦੇਵ ਨੇ ਕਿਹਾ ਕਿ ਪੰਜਾਬ ਵਿਚ 2018 ਵਿਚ ਗ੍ਰਾਮ ਪੰਚਾਇਤਾਂ ਭੰਗ ਹੋਣ ਤੋਂ ਲੈ ਕੇ ਨਵੀਆਂ ਪੰਚਾਇਤਾਂਂ ਚੁਣੀਆਂ ਜਾਣ ਤੱਕ ਲੰਬਾ ਸਮਾਂ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਅਤੇ ਭਲਾਈ ਸਕੀਮਾਂ ਦੀਆ ਨੰਬਰਦਾਰਾਂ ਵੱਲੋਂ ਤਸਦੀਕ ਅਰਜ਼ੀਆਂ ਸੇਵਾ ਕੇਂਦਰਾਂ ’ਚੋਂ ਧਡ਼ਾਧਡ਼ ਵਾਪਸ ਆਈਆਂ। ਸਰਕਾਰੀ ਆਦੇਸ਼ ਆਏ ਕਿ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਅਤੇ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਦੇ ਸਬੰਧ ਵਿਚ ਨੰਬਰਦਾਰਾਂ ਦੀ ਨਹੀਂ, ਬਲਕਿ ਸਰਪੰਚ ਦੀ ਤਸਦੀਕ ਹੀ ਮੰਨੀ ਜਾਂਦੀ ਹੈ। ਇਸ ਵਿਚ ਨੰਬਰਦਾਰਾਂ ਦੀ ਤਸਦੀਕ ਨਾ ਮਨਜ਼ੂਰ ਕਰਨ ਦਾ ਇਹ ਕਿਹਡ਼ਾ ਮਾਪਦੰਡ ਸੀ? ਇਸ ਕਰ ਕੇ ਪੇਂਡੂ ਖੇਤਰਾਂ ਦੇ ਉਸਾਰੀ ਕਿਰਤੀ ਵੱਡੀ ਪੱਧਰ ’ਤੇ ਰਜਿਸਟਰੇਸ਼ਨ ਕਰਵਾਉਣ ਤੇ ਭਲਾਈ ਸਕੀਮਾਂ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ। ਕਿਰਤੀਆਂ ਦਾ ਜੋ ਨੁਕਸਾਨ ਸਰਕਾਰ ਦੀ ਲਾਪ੍ਰਵਾਹੀ ਕਰ ਕੇ ਹੋਇਆ ਉਸ ਦਾ ਕੌਣ ਜ਼ਿੰਮੇਵਾਰ ਹੈ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਸਾਰੀ ਕਿਰਤੀ ਭਲਾਈ ਸਕੀਮਾਂ ਸਬੰਧੀ ਸੁਧਾਰ ਲਿਆਉਣ ਦੀ ਕੋਸ਼ਿਸ਼ ਨਾ ਕਰ ਕੇ ਮਜ਼ੂਦਰਾਂ ਦੇ ਹਿੱਤਾਂ ਨਾਲ ਖਿਲਵਾਡ਼ ਕਰ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪ੍ਰਿੰਸੀਪਲ ਸੈਕਟਰੀ ਲੇਬਰ ਆਰ. ਵੈਨਕਟ ਰਤਨਮ ਆਈ. ਏ. ਐੱਸ. ਦੇ ਧਿਆਨ ਵਿਚ ਲਿਆਂਦਾ ਜਾਵੇਗਾ।

Related News