ਬੂਟ ਹਾਊਸ ਤੋਂ ਲੱਖਾਂ ਦੇ ਬ੍ਰਾਂਡਿਡ ਜੁੱਤੇ ਅਤੇ ਨਕਦੀ ਚੋਰੀ
Saturday, Sep 07, 2019 - 04:13 PM (IST)

ਮੋਗਾ-ਅਣਪਛਾਤੇ ਚੋਰਾਂ ਨੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਅਹਾਤਾ ਬਦਨ ਸਿੰਘ ’ਚ ਸਥਿਤ ਕੁਮਾਰ ਬੂਟ ਹਾਊਸ ਤੋਂ ਬੀਤੀ ਰਾਤ ਲੱਖਾਂ ਰੁਪਏ ਮੁੱਲ ਦੇ ਬ੍ਰਾਂਡਿਡ ਜੁੱਤੇ ਅਤੇ ਨਕਦੀ ਚੋਰੀ ਕਰ ਲਈ, ਜਿਸ ’ਤੇ ਦੁਕਾਨ ਮਾਲਕ ਤਰਸੇਮ ਲਾਲ ਨੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਿਟੀ ਸਾਊਥ ਦੇ ਥਾਣੇਦਾਰ ਬਲਵੀਰ ਸਿੰਘ ਨੇ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ।
ਜਾਣਕਾਰੀ ਦਿੰਦਿਆਂ ਕੁਮਾਰ ਬੂਟ ਹਾਊਸ ਦੇ ਮਾਲਕ ਤਰਸੇਮ ਲਾਲ ਵਾਸੀ ਰਜਿੰਦਰਾ ਇਸਟੇਟ ਨੇ ਦੱਸਿਆ ਕਿ ਅਣਪਛਾਤੇ ਚੋਰ ਦੁਕਾਨ ਦੀ ਛੱਤ ਦੇ ਉੱਪਰ ਚੜ੍ਹੇ ਅਤੇ ਦੋ ਖਿੜਕੀਆਂ ਦੀ ਗਰਿੱਲ ਨੂੰ ਕਿਸੇ ਹਥਿਆਰ ਨਾਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਦੁਕਾਨ ਦੇ ਕੈਸ਼ ਕਾਊਂਟਰ ਦੇ ਗੱਲੇ ਨੂੰ ਤੋੜ ਕੇ ਉਸ ’ਚੋਂ 25-30 ਹਜ਼ਾਰ ਰੁਪਏ ਦੀ ਨਕਦੀ ਦੇ ਇਲਾਵਾ 5-6 ਲੱਖ ਰੁਪਏ ਦੇ ਬ੍ਰਾਂਡਿਡ ਜੁੱਤੇ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਅਸੀਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਨੂੰ ਵੀ ਖੰਗਾਲ ਕੇ ਦੇਖਿਆ ਪਰ ਉਕਤ ਕੈਮਰਿਆਂ ’ਚ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਆਲੇ-ਦੁਆਲੇ ਦੇ ਦੁਕਾਨਦਾਰਾਂ ’ਚ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਜ਼ਿਲਾ ਮੁਖੀ ਐੱਸ.ਐੱਸ.ਪੀ. ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਸ਼ਹਿਰ ਦੇ ਸਾਰੇ ਇਲਾਕਿਆਂ ’ਚ ਗਸ਼ਤ ਵਧਾਈ ਜਾਵੇ।
ਮਾਮਲਾ ਦਰਜ
ਡੀ.ਐੱਸ.ਪੀ. ਸਿਟੀ ਮੋਗਾ ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਉਕਤ ਚੋਰੀ ਦਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਕਿਹਾ ਕਿ ਚੋਰੀ ਦਾ ਸੁਰਾਗ ਲੱਭਣ ਅਤੇ ਚੋਰਾਂ ਨੂੰ ਕਾਬੂ ਕਰਨ ਲਈ ਫਿੰਗਰ ਪ੍ਰਿੰਟ ਮਾਹਿਰਾਂ ਦੇ ਇਲਾਵਾ ਡੋਗ ਸਕੁਐਡ ਨੂੰ ਵੀ ਬੁਲਾਇਆ ਜਾ ਰਿਹਾ ਹੈ। ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹੈ, ਜਲਦ ਹੀ ਚੋਰੀ ਦਾ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਅਣਪਛਾਤੇ ਚੋਰਾਂ ਖਿਲਾਫ ਥਾਣਾ ਸਿਟੀ ਸਾਊਥ ਮੋਗਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ।