ਦੜ੍ਹਾ-ਸੱਟਾ ਲਾਉਣ ਵਾਲੇ 3 ਨੌਜਵਾਨ ਨਕਦੀ ਸਮੇਤ ਗ੍ਰਿਫ਼ਤਾਰ

Thursday, Feb 12, 2026 - 05:25 PM (IST)

ਦੜ੍ਹਾ-ਸੱਟਾ ਲਾਉਣ ਵਾਲੇ 3 ਨੌਜਵਾਨ ਨਕਦੀ ਸਮੇਤ ਗ੍ਰਿਫ਼ਤਾਰ

ਅਬੋਹਰ (ਸੁਨੀਲ) : ਇੱਥੇ ਸਿਟੀ ਥਾਣਾ ਨੰਬਰ-2 ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਮੁਖਬਰ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਲਾਈਨ ਪਾਰ ਇਲਾਕੇ ’ਚ ਛਾਪੇਮਾਰੀ ਦੌਰਾਨ ਦੜ੍ਹਾ-ਸੱਟਾ ਲਾਉਣ ਵਾਲੇ 3 ਨੌਜਵਾਨਾਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਫੜ੍ਹੇ 3 ਨੌਜਵਾਨਾਂ ਸਮੇਤ 17 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਵਿਨੋਦ ਕੁਮਾਰ ਪੁਲਸ ਪਾਰਟੀ ਸਮੇਤ ਠਾਕਰ ਆਬਾਦੀ ’ਚ ਗਸ਼ਤ ਕਰ ਰਹੇ ਸਨ।

ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਕੰਧਵਾਲਾ ਰੋਡ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਨੇੜੇ ਕੁੱਝ ਨੌਜਵਾਨ ਲੋਕਾਂ ਨੂੰ ਦੜ੍ਹਾ-ਸੱਟਾ ਲਵਾ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਛਾਪਾ ਮਾਰਿਆ ਅਤੇ ਰਿੰਕੂ ਚੋਪੜਾ ਪੁੱਤਰ ਰਮੇਸ਼ (ਵਾਸੀ ਛੋਟੀ ਪੌੜੀ ਗਲੀ ਨੰਬਰ 16), ਰੋਹਿਤ ਪੁੱਤਰ ਰਾਜ ਕੁਮਾਰ (ਵਾਸੀ ਰਾਮਦੇਵ ਨਗਰੀ ਗਲੀ ਨੰਬਰ 5) ਅਤੇ ਧਨਪਤ ਰਾਏ ਉਰਫ਼ ਧੰਨਾ ਪੁੱਤਰ ਸ਼ਿਵ ਲਾਲ (ਵਾਸੀ ਠਾਕਰ ਆਬਾਦੀ ਗਲੀ ਨੰਬਰ 7) ਨੂੰ 3340 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ। ਥਾਣਾ ਪੁਲਸ ਨੇ ਉਕਤ ਤਿੰਨਾਂ ਮੁਲਜ਼ਮਾਂ ਅਤੇ 17 ਅਣਪਛਾਤੇ ਲੋਕਾਂ ਖ਼ਿਲਾਫ਼ ਜੂਆ ਐਕਟ ਦੀਆਂ ਸਬੰਧਿਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


author

Babita

Content Editor

Related News