ਲੁਟੇਰਿਆਂ ਨੇ ਦਿਹਾੜੀਦਾਰ ਵੇਟਰ ਵੀ ਨਾ ਬਖਸ਼ਿਆ, ਮੋਬਾਈਲ, ਮੋਟਰਸਾਈਕਲ, ਨਗਦੀ ਲੁੱਟੀ
Wednesday, Mar 19, 2025 - 05:42 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਅਣਪਛਾਤੇ ਲੁਟੇਰਿਆਂ ਨੇ ਇਕ ਮੈਰਿਜ ਪੈਲਸ ਵਿਚ ਦਿਹਾੜੀ ਲਗਾ ਕੇ ਰਾਤ ਨੂੰ ਘਰ ਵਾਪਸ ਆ ਰਹੇ ਵੇਟਰ ਨੂੰ ਰਾਹ ਵਿਚ ਘੇਰ ਲਿਆ। ਪਹਿਲਾਂ ਉਸਦੀ ਹਾਕੀਆਂ ਮਾਰ ਕੇ ਮਾਰਕੁੱਟ ਕੀਤੀ। ਫਿਰ ਉਸਦਾ ਮੋਟਰਸਾਈਕਲ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਪੀੜਤ ਸੁਖਰਾਜ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਦੇਤਵਾਲ ਨੇ ਦੱਸਿਆ ਕਿ ਉਹ ਮੈਰਿਜ ਪੈਲਸਾਂ ਵਿਚ ਵੇਟਰ ਦਾ ਕੰਮ ਕਰਦਾ ਹੈ ਅਤੇ 16 ਮਾਰਚ ਨੂੰ ਅੱਪਰਾ ਮੈਰਿਜ ਪੈਲਸ ਮੇਨ ਜੀ.ਟੀ ਰੋਡ ਤੋਂ ਕੰਮ ਖ਼ਤਮ ਕਰਕੇ ਆਪਣੇ ਘਰ ਰਾਤੀਂ 10.50 ਵਜੇ ਗਹੌਰ ਦੇ ਰਸਤੇ ਰਾਹੀਂ ਆਪਣੇ ਪਲੈਟੀਨਾ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਉਸ ਦੇ ਮਗਰੋਂ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ-ਤਿੰਨ ਵਿਅਕਤੀ ਆਏ, ਜਿਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨੇ ਹੋਏ ਸਨ।
ਉਕਤ ਨੇ ਦੱਸਿਆ ਕਿ ਮੇਰੇ ਮੋਟਰਸਾਈਕਲ ਮੂਹਰੇ ਮੋਟਰਸਾਈਕਲ ਲਗਾ ਕੇ ਮੈਨੂੰ ਰੋਕ ਲਿਆ ਅਤੇ ਪਹਿਲਾਂ ਮੇਰੀ ਉਨ੍ਹਾਂ ਨੇ ਹਾਕੀਆਂ ਮਾਰ ਕੇ ਮਾਰ ਕੁੱਟ ਕੀਤੀ। ਫਿਰ ਪਿਸਤੌਲਨੁਮਾ ਚੀਜ਼ ਮੇਰੀ ਵੱਖੀ ਨਾਲ ਲਗਾ ਕੇ ਮੇਰਾ ਓਪੋ ਮੋਬਾਈਲ, ਪਲੈਟੀਨਾ ਮੋਟਰਸਾਈਕਲ ਅਤੇ ਜੇਬ ਵਿਚੋਂ 800 ਰੁਪਏ ਖੋਹ ਕੇ ਲੁਧਿਆਣਾ ਵੱਲ ਫਰਾਰ ਹੋ ਗਏ। ਇਸ ਸਬੰਧੀ ਥਾਣਾ ਦਾਖਾ ਨੂੰ ਸੂਚਿਤ ਕੀਤਾ ਗਿਆ। ਏ.ਐੱਸ.ਆਈ ਹਰਜੀਤ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਪੀੜਤ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਜੇਰੇ ਧਾਰਾ 304, 3 (5) ਬੀ.ਐੱਨ.ਐੱਸ ਅਧੀਨ ਕੇਸ ਦਰਜ ਕਰਕੇ ਲੁਟੇਰਿਆਂ ਦੀ ਭਾਲ ਆਰੰਭ ਦਿੱਤੀ ਹੈ।