''ਉਂਗਲ ਨਾ ਕਰ...'' ਬੰਦੇ ਨੂੰ ਫੜਣ ਪੰਜਾਬ ਆਈ UP ਪੁਲਸ ਨਾਲ ਵਕੀਲ ਦੀ ਤਿੱਖੀ ਬਹਿਸ (ਵੀਡੀਓ)
Wednesday, Mar 18, 2026 - 04:39 PM (IST)
ਲੁਧਿਆਣਾ (ਰਾਜ): ਪਾਸ਼ ਇਲਾਕੇ ਮਾਡਲ ਟਾਊਨ ਵਿਚ ਉਸ ਵੇਲੇ ਭਾਰੀ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਉੱਤਰ ਪ੍ਰਦੇਸ਼ ਦੀ ਪੁਲਸ ਨੇ ਇਕ ਨੌਜਵਾਨ ਨੂੰ ਫੜਣ ਲਈ ਅਚਾਨਕ ਦਬਿਸ਼ ਦਿੱਤੀ। ਇਸ ਕਾਰਵਾਈ ਦੌਰਾਨ ਹਾਲਾਤ ਉਦੋਂ ਤਣਾਅਪੂਰਨ ਹੋ ਗਿਆ, ਜਦੋਂ ਨੌਜਵਾਨ ਨੇ ਮੌਕੇ 'ਤੇ ਆਪਣਾ ਵਕੀਲ ਬੁਲਾ ਲਿਆ। ਵੇਖਦੇ ਹੀ ਵੇਖਦੇ ਸੜਕ 'ਤੇ ਯੂ. ਪੀ. ਪੁਲਸ ਦੇ ਮੁਲਾਜ਼ਮਾਂ ਤੇ ਵਕੀਲ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ, ਜਿਸ ਨੇ ਹਾਈ ਵੋਲਟੇਜ ਡਰਾਮੇ ਦਾ ਰੂਪ ਲੈ ਲਿਆ।
ਵਕੀਲ ਨੇ ਯੂ. ਪੀ. ਪੁਲਸ 'ਤੇ ਗੰਭੀਰ ਮੁਲਜ਼ਮ ਲਗਾਉਂਦਿਆਂ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਐਡਵੋਕੇਟ ਨੇ ਮੌਕੇ 'ਤੇ ਹੀ ਪੁਲਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਯੂ. ਪੀ. ਪੁਲਸ ਦੇ ਕੋਲ ਨਾ ਤਾਂ ਕੋਈ ਗ੍ਰਿਫ਼ਤਾਰੀ ਵਾਰੰਟ ਸੀ ਤੇ ਨਾ ਹੀ ਉਨ੍ਹਾਂ ਨੇ ਲੁਧਿਆਣਾ ਦੀ ਲੋਕਲ ਪੁਲਸ ਨੂੰ ਇਸ ਰੇਡ ਬਾਰੇ ਕੋਈ ਸੂਚਨਾ ਦਿੱਤੀ ਸੀ। ਵਕੀਲ ਦਾ ਸਾਫ਼ ਕਹਿਣਾ ਸੀ ਕਿ ਬਿਨਾਂ ਸਥਾਨਕ ਪੁਲਸ ਨੂੰ ਲੂਪ ਵਿਚ ਲਏ ਤੇ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਇਸ ਤਰ੍ਹਾਂ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ।
ਕਾਫ਼ੀ ਦੇਰ ਤਕ ਸੜਕ ਵਿਚਾਲੇ ਚੱਲੇ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਮੌਕੇ 'ਤੇ ਪਹੁੰਚੀ। ਸਥਾਨਕ ਪੁਲਸ ਦੇ ਦਖ਼ਲ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਤੇ ਯੂ. ਪੀ. ਪੁਲਸ ਫੜੇ ਗਏ ਮੁਲਜ਼ਮ ਨੂੰ ਥਾਣੇ ਲੈ ਗਈ।
