ਨਾ ਤਾਂ ਨਸ਼ਾ ਮੁਕਤ ਹੋ ਰਿਹੈ ਪੰਜਾਬ, ਨਾ ਹੀ ਹਥਿਆਰਾਂ ਦੇ ਕ੍ਰੇਜ਼ ’ਤੇ ਕੰਟਰੋਲ!
Thursday, Mar 19, 2026 - 06:53 PM (IST)
ਲੁਧਿਆਣਾ (ਰਾਜ)- ਪੰਜਾਬ ਵਿਚ ਸਰਕਾਰ ਦੇ ਦਾਅਵੇ ਹਵਾ ਹੁੰਦੇ ਨਜ਼ਰ ਆ ਰਹੇ ਹਨ। ਸਰਕਾਰ ਨਾ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰ ਪਾ ਰਹੀ ਹੈ ਅਤੇ ਨਾ ਹੀ ਨੌਜਵਾਨਾਂ ਵਿਚ ਵਧ ਰਹੇ ਹਥਿਆਰਾਂ ਦੇ ਕ੍ਰੇਜ਼ ਨੂੰ ਰੋਕ ਪਾ ਰਹੀ ਹੈ। ਨੌਜਵਾਨ ਅੱਜ ਵੀ ਖੁੱਲ੍ਹ ਕੇ ਸੋਸ਼ਲ ਸਾਈਟਾਂ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਹੇ ਹਨ, ਜਦ ਕਿ ਪੰਜਾਬ ਸਰਕਾਰ ਨੇ ਹਥਿਆਰਾਂ ਨੂੰ ਪ੍ਰਮੋਟ ਕਰਨ ’ਤੇ ਸਖ਼ਤ ਪਾਬੰਦੀ ਲਗਾਈ ਸੀ ਅਤੇ ਪੁਲਸ ਨੇ ਕਈ ਪਰਚੇ ਵੀ ਦਰਜ ਕੀਤੇ ਪਰ ਲੱਗਦਾ ਹੈ ਕਿ ਲੁਧਿਆਣਾ ਦੇ ਵਿਗੜੈਲ ਨੌਜਵਾਨਾਂ ਦੇ ਸਿਰ ’ਤੇ ਕਾਨੂੰਨ ਦਾ ਨਹੀਂ, ਸਗੋਂ ਰੀਲ ਦਾ ਭੂਤ ਸਵਾਰ ਹੈ।
ਤਾਜ਼ਾ ਮਾਮਲਾ ਮੋਤੀ ਨਗਰ ਇਲਾਕੇ ਦਾ ਹੈ, ਜਿਥੇ ਦੋ ਨੌਜਵਾਨਾਂ ਦੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਸਨਸਨੀ ਫੈਲਾ ਦਿੱਤੀ ਹੈ, ਜਿਥੇ ਉਹ ਖੁੱਲ੍ਹੇਆਮ ਪਿਸਤੌਲ ਲਹਿਰਾ ਕੇ ਰੀਲ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੇ ਨੱਕ ਹੇਠ ਇਹ ਨੌਜਵਾਨ ਗੱਡੀ ਵਿਚ ਸਵਾਰ ਹੋ ਕੇ ਸ਼ਰੇਆਮ ਹਥਿਆਰ ਚਮਕਾ ਰਹੇ ਹਨ। ਵਾਇਰਲ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਕਦੇ ਗੱਡੀ ਦੀ ਖਿੜਕੀ ਤੋਂ ਬਾਹਰ ਨਿਕਲ ਕੇ ਪਿਸਤੌਲ ਲੋਡ ਕਰਦੇ ਹਨ ਤਾਂ ਕਦੇ ਉਸ ਨੂੰ ਅਸਮਾਨ ਵੱਲ ਲਹਿਰਾ ਕੇ ਆਪਣੀ ਬਹਾਦਰੀ ਦਾ ਢੋਂਗ ਰਚਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਨੌਜਵਾਨਾਂ ਦੇ ਕੋਲ ਨਾ ਤਾਂ ਕੋਈ ਆਰਮਜ਼ ਲਾਇਸੈਂਸ ਹੈ ਅਤੇ ਨਾ ਹੀ ਇਨ੍ਹਾਂ ਨੂੰ ਕਾਨੂੰਨ ਦਾ ਜ਼ਰਾ ਵੀ ਡਰ। ਇਨ੍ਹਾਂ ਦੇ ਹੱਥਾਂ ਵਿਚ ਦਿਖ ਰਹੇ ਹਥਿਆਰ ਨਾਜਾਇਜ਼ ਹੋਣ ਦਾ ਪੂਰਾ ਸ਼ੱਕ ਹੈ ਜੋ ਸ਼ਹਿਰ ਦੀ ਅਮਨ-ਸ਼ਾਂਤੀ ਅਤੇ ਆਮ ਜਨਤਾ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਬਣ ਚੁੱਕੇ ਹਨ।
ਅੱਜ-ਕੱਲ੍ਹ ਦੇ ਨੌਜਵਾਨਾਂ ਲਈ ਹਥਿਆਰ ਰੱਖਣਾ ਕੋਈ ਮਜਬੂਰੀ ਨਹੀਂ, ਸਗੋਂ ਇਕ ਸਟੇਟਸ ਸਿੰਬਲ ਬਣ ਗਿਆ ਹੈ। ਰਸੂਖਦਾਰ ਘਰਾਂ ਦੇ ਲੜਕੇ ਛੋਟੀ ਉਮਰ ਵਿਚ ਹੀ ਸਿਫਾਰਸ਼ੀ ਲਾਇਸੈਂਸ ਬਣਵਾ ਕੇ ਗਲੀਆਂ ਵਿਚ ਘੁੰਮਦੇ ਹਨ ਤਾਂ ਕੁਝ ਆਪਣਾ ਸ਼ੌਂਕ ਪੂਰਾ ਕਰਨ ਲਈ ਨਾਜਾਇਜ਼ ਹਥਿਆਰਾਂ ਦਾ ਸਹਾਰਾ ਲੈਣ ਤੋਂ ਵੀ ਪਰਹੇਜ਼ ਨਹੀਂ ਕਰ ਰਹੇ। ਮੋਤੀ ਨਗਰ ਦੇ ਇਨ੍ਹਾਂ ਨੌਜਵਾਨਾਂ ਦੀ ਕਰਤੂਤ ਨੇ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਕੀ ਪੁਲਸ ਦਾ ਡਰ ਹੁਣ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ? ਕੀ ਕੁਝ ਲਾਈਕਸ ਅਤੇ ਵਿਊਜ਼ ਲਈ ਸ਼ਰੇਆਮ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਇਨ੍ਹਾਂ ਰੀਲਬਾਜ਼ਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ ਜਾਂ ਫਿਰ ਪੁਲਸ ਕਿਸੇ ਵੱਡੀ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਹੈ? ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪੁਲਸ ਇਨ੍ਹਾਂ ਨੌਜਵਾਨਾਂ ’ਤੇ ਕਾਰਵਾਈ ਕਰਦੀ ਹੈ ਜਾਂ ਫਿਰ ਇਹ ਹਥਿਆਰਬੰਦ ਰੀਲ ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ’ਤੇ ਪ੍ਰਸ਼ਾਸਨ ਦਾ ਮਜ਼ਾਕ ਉਡਾਉਂਦੀ ਰਹੇਗੀ?
