ਨਵੇਂ ਰਸਤੇ ਦੇ ਰੁਕੇ ਨਿਰਮਾਣ ਕਾਰਨ ਨਿਰਾਸ਼ ਹਨ ਮੁਗਲੂ ਪੱਤੀ ਵਾਸੀ

Saturday, Feb 03, 2018 - 11:19 AM (IST)

ਨਵੇਂ ਰਸਤੇ ਦੇ ਰੁਕੇ ਨਿਰਮਾਣ ਕਾਰਨ ਨਿਰਾਸ਼ ਹਨ ਮੁਗਲੂ ਪੱਤੀ ਵਾਸੀ


ਬਾਘਾਪੁਰਾਣਾ (ਚਟਾਨੀ) - ਮੰਡੀਰਾ ਰੋਡ ਵਾਲੀ ਸੜਕ ਨੂੰ ਮੁਗਲੂ ਪੱਤੀ ਵਾਲੇ ਸੱਥ ਲਾਗਲੇ ਛੱਪੜ 'ਚੋਂ ਜੈਨ ਸਕੂਲ ਵਾਲੀ ਸੜਕ ਨਾਲ ਜੋੜਨ ਵਾਸਤੇ ਆਰੰਭਿਆ ਕਾਰਜ ਅੱਧ-ਵਿਚਕਾਰ ਲਟਕ ਗਿਆ ਹੈ। ਇਸ ਲਟਕੇ ਕਾਰਜ ਕਰਕੇ ਪੱਤੀ ਵਾਸੀਆਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਜਲ ਘਰ ਵਾਲੀ ਸੜਕ ਨੂੰ ਪਾਣੀ ਦੀ ਨਿਕਾਸੀ ਵਾਲੀ ਮੋਟਰ ਦੇ ਨੇੜੇ ਲਿਆ ਕੇ ਜੈਨ ਸਕੂਲ ਸੜਕ ਨਾਲ ਜੋੜਣ ਵਾਸਤੇ ਭਾਵੇਂ ਸੈਂਕੜੇ ਟਰਾਲੀਆਂ ਨਾਲ ਮਿੱਟੀ ਦੀ ਭਰਤੀ ਪਾ ਦਿੱਤੀ ਗਈ ਸੀ ਪਰ ਕੌਂਸਲ ਕੋਲ ਪੈਸਿਆਂ ਦੀ ਘਾਟ ਕਾਰਨ ਇਹ ਕਾਰਜ ਜਿਵੇਂ ਦਾ ਤਿਵੇਂ ਲਟਕ ਗਿਆ ਸੀ। 
ਇਸ ਲਟਕਦੇ ਕਾਰਜ ਕਾਰਨ ਲੱਖਾਂ ਰੁਪਏ ਦੀ ਪਾਈ ਗਈ ਮਿੱਟੀ ਹੁਣ ਛੱਪੜ ਵਾਲੇ ਪਾਣੀ ਨਾਲ ਖੁਰਦੀ ਜਾ ਰਹੀ ਹੈ। ਕਈ ਵਾਰ ਪੈ ਚੁੱਕੇ ਭਾਰੀ ਮੀਂਹਾਂ ਨੇ ਵੀ ਮਿੱਟੀ ਦੇ ਪੱਧਰ ਨੂੰ 2-2 ਫੁੱਟ ਤੱਕ ਨੀਵਾਂ ਕਰ ਸੁੱਟਿਆ ਹੈ। ਮੁਗਲੂ ਪੱਤੀ ਵਾਸੀਆਂ ਤੋਂ ਇਲਾਵਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਦੀ ਸੁਖਾਲੇ ਪੰਧ ਵਾਲੀ ਆਸ ਹੁਣ ਮਿੱਟੀ 'ਚ ਰੁਲਦੀ ਜਾਪ ਰਹੀ ਹੈ। ਲੋਕਾਂ ਨੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕੌਂਸਲ ਪ੍ਰਧਾਨ ਅਨੂੰ ਮਿੱਤਲ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਹੁਣ ਕੌਂਸਲ ਕੋਲ ਵਿਕਾਸ ਫੰਡ ਆ ਗਏ ਹਨ ਤਾਂ ਇਸ ਕਾਰਜ ਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਇਸ ਕਾਰਜ ਲਈ ਭਰਤੀ ਵਾਸਤੇ ਪਾਈ ਗਈ ਲੱਖਾਂ ਰੁਪਏ ਦੀ ਮਿੱਟੀ ਰੁੜਨੋਂ ਬਚ ਸਕੇ ਅਤੇ ਲੋਕਾਂ ਲਈ ਛੋਟੇ ਪੰਧ ਵਾਲੇ ਪੱਕੇ ਰਸਤੇ ਦੀ ਸਹੂਲਤ ਵੀ ਉਪਲਬੱਧ ਹੋ ਸਕੇ।


Related News