ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ! ਗੁਰਦੁਆਰਾ ਸਾਹਿਬ ਦੇ ਸਾਹਮਣੇ ਅੱਗ ਦਾ ਗੋਲਾ ਬਣੀ ਕਾਰ
Saturday, Dec 20, 2025 - 11:22 AM (IST)
ਖੰਨਾ (ਵਿਪਨ): ਧੁੰਦ ਕਾਰਨ ਖੰਨਾ ਦੇ ਭੱਟੀਆਂ ਇਲਾਕੇ ਵਿਚ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਬੀਤੀ ਰਾਤ ਨੂੰ ਕਰੀਬ 10:27 ਵਜੇ ਵਾਪਰਿਆ, ਜਦੋਂ ਇਕ ਆਈ-20 ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਲੁਧਿਆਣਾ ਰੇਂਜ ਦੀ ਸੜਕ ਸੁਰੱਖਿਆ ਫੋਰਸ (SSF) ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਕ ਕਾਰ ਅਤੇ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ। ਐੱਸ.ਆਈ. ਸੁਖਦੇਵ ਸਿੰਘ ਦੀ ਅਗਵਾਈ ਹੇਠ ਐੱਸ.ਐੱਸ.ਐੱਫ. ਦੀ ਟੀਮ ਹਾਦਸੇ ਤੋਂ 10 ਮਿੰਟ ਬਾਅਦ ਹੀ ਮੌਕੇ 'ਤੇ ਪਹੁੰਚ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਇਕ ਆਈ-20 ਕਾਰ ਨੇ ਇਕ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਸੀ। ਟੱਕਰ ਇੰਨੀ ਭਿਆਨਕ ਸੀ ਕਿ ਟਕਰਾਉਣ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਟਰੱਕ ਤੱਕ ਵੀ ਪਹੁੰਚ ਰਹੀਆਂ ਸਨ। ਮੌਕੇ 'ਤੇ ਮੌਜੂਦ ਐੱਸ.ਐੱਸ.ਐੱਫ. ਟੀਮ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ, ਜਿਸ ਦੀ ਮਦਦ ਨਾਲ ਕਾਰ ਅਤੇ ਟਰੱਕ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ।
ਸੁਰੱਖਿਆ ਨੂੰ ਮੁੱਖ ਰੱਖਦਿਆਂ ਟੀਮ ਵੱਲੋਂ ਮੌਕੇ 'ਤੇ ਸੇਫਟੀ ਕੋਨ ਲਗਾਏ ਗਏ ਅਤੇ ਟਰੱਕ ਨੂੰ ਸੜਕ ਦੇ ਇਕ ਪਾਸੇ ਕਰਵਾਇਆ ਗਿਆ। ਇਸ ਹਾਦਸੇ ਵਿਚ ਕਾਰ ਚਾਲਕ ਦੀ ਪਛਾਣ ਸ਼ਾਬਾਸ਼ ਕੁਮਾਰ ਵਾਸੀ ਪਟਿਆਲਾ ਅਤੇ ਟਰੱਕ ਚਾਲਕ ਦੀ ਪਛਾਣ ਤਰਸੇਮ ਕੁਮਾਰ ਵਾਸੀ ਡੇਰਾ ਬੱਸੀ ਵਜੋਂ ਹੋਈ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਵਿਅਕਤੀ ਜ਼ਖਮੀ ਹੋਇਆ। ਪੁਲਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
