ਤੇਜ਼ ਰਫਤਾਰ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾਈ

Monday, Dec 04, 2017 - 04:42 PM (IST)

ਤੇਜ਼ ਰਫਤਾਰ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾਈ

ਮੇਹਟੀਆਣਾ (ਸੰਜੀਵ)— ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਾਹਰੀ ਕਾਹਰੀ ਟੀ ਪੁਆਇੰਟ ਨੇੜੇ ਮਨੀਲਾ ਮੈਰਿਜ ਪੈਲੇਸ ਦੇ ਸਾਹਮਣੇ ਇਕ ਤੇਜ਼ ਰਫਤਾਰ ਸਫਾਰੀ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦਾ ਜ਼ਬਰਦਸਤ ਹਾਦਸਾ ਵਾਪਰਿਆ। ਜਿਸ ਸਬੰਧੀ ਥਾਣਾ ਮੇਹਟੀਆਣਾ ਤੋਂ ਏ. ਐੱਸ. ਆਈ. ਮਦਨ ਸਿੰਘ ਅਤੇ ਹੌਲਦਾਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਤੜਕੇ ਕਰੀਬ 3 ਵਜੇ ਕਿਸੇ ਵਿਅਕਤੀ ਨੇ ਥਾਣੇ ਫੋਨ ਕਰਕੇ ਦੱਸਿਆ ਕਿ ਮਨੀਲਾ ਪੈਲੇਸ ਕੋਲ ਇਕ ਸਫਾਰੀ ਗੱਡੀ ਹਾਦਸਾਗ੍ਰਸਤ ਹੋ ਗਈ। ਸੂਚਨਾ ਮਿਲਦੇ ਹੀ ਏ. ਐੱਸ. ਆਈ. ਮਦਨ ਸਿੰਘ ਘਟਨਾ ਵਾਲੀ ਜਗ੍ਹਾ ਪਹੁੰਚੇ ਤਾਂ ਦੇਖਿਆ ਕਿ ਹਾਦਸੇ 'ਚ ਜ਼ਖਮੀ ਚਾਲਕ ਅਤੇ ਹੋਰ ਸਵਾਰੀਆਂ ਹਾਦਸੇ ਵਾਲੀ ਜਗ੍ਹਾ ਮੌਜੂਦ ਨਹੀਂ ਸਨ। ਪਰ ਸਵੇਰ ਕਰੀਬ 10 ਵਜੇ ਹਾਦਸੇ ਵਾਲੀ ਜਗ੍ਹਾ ਇਕ ਵਿਅਕਤੀ ਆਇਆ ਜਿਸ ਨੇ ਆਪਣਾ ਨਾਮ ਕਰਨ ਪੁੱਤਰ ਅਰੁਣ ਨਰੂਲਾ ਵਾਸੀ ਭਰਵਈ ਰੋਡ ਹੁਸ਼ਿਆਰਪੁਰ ਦੱਸਿਆ ਅਤੇ ਕਿਹਾ ਕਿ ਰਾਤ ਉਹ ਖੁਦ ਆਪਣੀ ਸਫਾਰੀ ਗੱਡੀ ਨੰ ਪੀ. ਬੀ-10 ਡੀ. ਡਬਲਿਊ 0995 ਨੂੰ ਚਲਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੁਧਿਆਣਾ ਤੋਂ ਹੁਸ਼ਿਆਰਪੁਰ ਆ ਰਿਹਾ ਸੀ ਕਿ ਅਚਾਨਕ ਚੱਲਦੀ ਗੱਡੀ ਦਾ ਪਿੱਛਲਾ ਖੱਬਾ ਟਾਇਰ ਫੱਟਣ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਦੇ ਖੱਬੇ ਪਾਸੇ ਲੱਗੇ ਟਰਾਸਫਾਰਮਰ ਦੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਜਿਸ ਹਾਦਸੇ ਦੌਰਾਨ ਚਾਲਕ ਸਮੇਤ ਸਫਾਰੀ ਸਵਾਰ ਸਾਰੇ ਵਾਲ-ਵਾਲ ਬੱਚ ਗਏ ਦੱਸੇ ਜਾਂਦੇ ਹਨ।
ਦੂਜੇ ਪਾਸੇ ਪਾਵਰਕਾਮ ਵਿਭਾਗ ਦੇ ਉਪ ਮੰਡਲ ਮਰਨਾਈਆਂ ਖੁਰਦ ਦੇ ਐੱਸ. ਡੀ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਵਿਭਾਗ ਦਾ ਲਗਭਗ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਦੀ ਲਿਖਤੀ ਸ਼ਿਕਾਇਤ ਥਾਣਾ ਮੇਹਟੀਆਣਾ ਵਿਖੇ ਦੇ ਦਿੱਤੀ ਹੈ।


Related News