ਟਾਂਡਾ ''ਚ ਸ਼ੁਰੂ ਹੋਈ ਵੋਟਾਂ ਦੀ ਗਿਣਤੀ, ਉਮੀਦਵਾਰਾਂ ਦੀਆਂ ਧੜਕਣਾਂ ਤੇਜ਼
Wednesday, Dec 17, 2025 - 09:08 AM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬੀਤੀ 14 ਦਸੰਬਰ ਨੂੰ ਪਈਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਉਪਰੰਤ ਟਾਂਡਾ ਦੇ 3 ਜ਼ਿਲਾ ਪ੍ਰੀਸ਼ਦ ਅਤੇ 20 ਬਲਾਕ ਸੰਮਤੀ ਜੋਨਾਂ ਦੀ ਵੋਟਾਂ ਦੀ ਗਿਣਤੀ ਦਾ ਕੰਮ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਵਿਚ ਬਣਾਏ ਗਏ ਕਾਊਂਟਿੰਗ ਸੈਂਟਰ ਵਿਚ ਆਰੰਭ ਹੋ ਗਿਆ ਹੈ। ਜ਼ਿਲਾ ਚੋਣ ਅਫਸਰ ਆਸ਼ਿਕਾ ਜੈਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਿਟਰਨਿੰਗ ਅਫਸਰ ਕੰਮ ਐੱਸ.ਡੀ.ਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਤੇ ਇਲੈਕਸ਼ਨ ਇੰਚਾਰਜ ਟਾਂਡਾ ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਏ ਇਸ ਗਿਣਤੀ ਪ੍ਰਕਿਰਿਆ ਦੌਰਾਨ ਬੈਲਟ ਪੇਪਰਾਂ ਨਾਲ ਹੋਈ ਵੋਟਿੰਗ ਦੀ ਗਿਣਤੀ ਹੋ ਰਹੀ ਹੈ ਅਤੇ ਵੋਟਾਂ ਦੀ ਸ਼ੁਰੂਆਤੀ ਰੁਝਾਨ 11 ਵਜੇ ਤੋਂ ਬਾਅਦ ਮਿਲਣ ਦੀ ਸੰਭਾਵਨਾ ਹੈ।
ਉਧਰ ਦੂਸਰੇ ਪਾਸੇ ਕਾਊਂਟਿੰਗ ਸੈਂਟਰ ਦੀ ਸੁਰੱਖਿਆ ਲਈ ਜ਼ਿਲਾ ਪੁਲਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਟਾਂਡਾ ਗੁਰਜਿੰਦਰਜੀਤ ਸਿੰਘ ਨਾਗਰਾ ਦੀ ਦੇਖ-ਰੇਖ ਹੇਠ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗਿਣਤੀ ਦੌਰਾਨ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਜਾਂ ਰੌਲਾ ਰੱਪਾ ਨਾ ਪਵੇ ਅਤੇ ਆਮ ਲੋਕਾਂ ਨੂੰ ਗਿਣਤੀ ਸੈਂਟਰ ਤੋਂ ਦੂਰ ਰੱਖਿਆ ਗਿਆ ਹੈ ਜਿਸ ਵਾਸਤੇ ਸਮੁੱਚੀ ਬੈਰੀਗੇਟਿੰਗ ਵੀ ਕੀਤੀ ਗਈ ਹੈ। ਦੂਸਰੇ ਪਾਸੇ ਗਿਣਤੀ ਦੌਰਾਨ ਉਮੀਦਵਾਰਾਂ ਦੇ ਸਮਰਥਕ ਵੀ ਪਹੁੰਚਣੇ ਸ਼ੁਰੂ ਹੋ ਗਏ ਹਨ ਜੋ ਬੇਸਬਰੀ ਨਾਲ ਚੋਣ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।
