ਪੰਜਾਬ 'ਚ ਭਿਆਨਕ ਹਾਦਸਾ! ਵਿਛ ਗਈਆਂ ਮੁੰਡਿਆਂ ਦੀਆਂ ਲਾਸ਼ਾਂ, ਗੱਡੀ 'ਚੋਂ ਨਿਕਲ ਦੂਰ ਜਾ ਡਿੱਗਿਆ ਇੰਜਣ
Wednesday, Dec 10, 2025 - 12:42 PM (IST)
ਅੰਮ੍ਰਿਤਸਰ (ਜ. ਬ.): ਅੰਮ੍ਰਿਤਸਰ ਬਾਈਪਾਸ ‘ਤੇ ਮਹਿਲਾਂ ਵਾਲੇ ਪੁਲ਼ ਦੇ ਨੇੜੇ ਇਕ ਬੇਹੱਦ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਤੇ ਗੱਡੀ ਦਾ ਇੰਜਣ ਬਾਹਰ ਨਿਕਲ ਕੇ ਦੂਰ ਜਾ ਡਿੱਗਿਆ। ਇਹ ਹਾਦਸਾ ਬੀਤੀ ਰਾਤ ਕਰੀਬ 12 ਤੋਂ 2 ਵਜੇ ਦੇ ਦਰਮਿਆਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ, ਪਿੰਡ ਲੋਪੋਕੇ ਵੱਲੋਂ ਆ ਰਹੀ ਇਕ ਕਾਰ ਮਹਿਲਾਂ ਵਾਲੇ ਪੁਲ਼ ਕੋਲ ਬੇਕਾਬੂ ਹੋ ਕੇ ਭਿਆਨਕ ਤਰੀਕੇ ਨਾਲ ਟਕਰਾ ਗਈ। ਕਾਰ ਵਿਚ ਚਾਰ ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੌਥਾ ਨੌਜਵਾਨ ਸੰਨੀ, ਜੋ ਕਿ ਪਿੰਡ ਚੱਕ ਮਿਸ਼ਰੀ ਖਾਂ ਦਾ ਰਹਿਣ ਵਾਲਾ ਹੈ, ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਤਿੰਨ ਮ੍ਰਿਤਕ ਨੌਜਵਾਨਾਂ ਵਿਚੋਂ ਇਕ ਪਿੰਡ ਚੱਕ ਮਿਸ਼ਰੀ ਖਾਂ, ਦੂਜਾ ਪਿੰਡ ਲੋਪੋਕੇ ਅਤੇ ਤੀਜਾ ਪਿੰਡ ਬੋਪਾਰਾਏ ਬਾਜ ਕਲਾਂ ਦਾ ਰਹਿਣ ਵਾਲਾ ਦੱਸਿਆ ਗਿਆ ਹੈ।
ਮੌਕੇ ‘ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਦੀ ਪੁਸ਼ਟੀ ਕੀਤੀ। ਪੁਲਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਮਾਮਲਾ ਰਾਤ ਦਾ ਹੈ ਅਤੇ ਉਹ ਸਵੇਰੇ ਡਿਊਟੀ ‘ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਧੇਰੇ ਜਾਣਕਾਰੀ ਚੌਂਕੀ ਇੰਚਾਰਜ ਕੋਲੋਂ ਮਿਲ ਸਕੇਗੀ।
ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਅਤੇ ਮਿਤਰਾਂ ਨੇ ਦੱਸਿਆ ਕਿ ਰਾਤ ਸਮੇਂ ਮਾਰਕਿੰਗ ਜਾਂ ਲਾਈਟਾਂ ਦੀ ਕਮੀ ਹੋਣ ਕਾਰਨ ਕਾਰ ਸਿੱਧੀ ਕੰਧ ਨਾਲ ਟਕਰਾ ਗਈ ਹੋ ਸਕਦੀ ਹੈ। ਹਾਦਸੇ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
