ਡਾਕਟਰ ਨਾਲ ਦੁਰਵਿਵਹਾਰ ਕਰਨ ਵਾਲੇ ''ਤੇ ਕੇਸ ਦਰਜ

Tuesday, Aug 08, 2017 - 07:58 AM (IST)

ਲੁਧਿਆਣਾ, (ਸਹਿਗਲ)- ਬੀਤੀ ਰਾਤ ਸਿਵਲ ਹਸਪਤਾਲ 'ਚ ਡਾਕਟਰ ਨਾਲ ਦੁਰਵਿਵਹਾਰ ਦੇ ਮਾਮਲੇ ਵਿਚ ਪੁਲਸ ਨੇ ਸ਼ਿਵ ਸੈਨਾ ਨੇਤਾ ਰਾਕੇਸ਼ ਕਪੂਰ 'ਤੇ ਧਾਰਾ 353/186/506 ਤਹਿਤ ਮਾਮਲਾ ਦਰਜ ਕਰ ਲਿਆ ਅਤੇ ਅਦਾਲਤ ਦੇ ਨਿਰਦੇਸ਼ਾਂ 'ਤੇ ਉਸ ਨੂੰ ਜੇਲ ਭੇਜ ਦਿੱਤਾ।  ਜਾਣਕਾਰੀ ਅਨੁਸਾਰ ਰਾਕੇਸ਼ ਕਪੂਰ ਆਪਣੀ ਬੇਟੀ ਦੇ ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਲੈ ਕੇ ਗਿਆ ਸੀ, ਜਿੱਥੇ ਐਂਮਰਜੈਂਸੀ ਦੇ ਡਾ. ਗੁਰਿੰਦਰਦੀਪ ਸਿੰਘ ਗਰੇਵਾਲ ਡਿਊਟੀ 'ਤੇ ਸਨ ਉਨ੍ਹਾਂ ਨੇ ਮਰੀਜ਼ ਨੂੰ ਦਾਖਲ ਕਰਨ ਨੂੰ ਕਿਹਾ ਪਰ ਰਾਕੇਸ਼ ਕਪੂਰ ਨੇ ਕਿਹਾ ਕਿ ਉਹ ਦਵਾ ਲਿਖ ਦੇਣ। ਰਾਕੇਸ਼ ਦੇ ਅਨੁਸਾਰ ਡਾਕਟਰ ਨੇ ਗੈਸ ਦੀ ਦਵਾ ਲਿਖ ਦਿੱਤੀ, ਉਸ ਨੇ ਕਿਹਾ ਕਿ ਉਹ ਉਲਟੀ ਦੀ ਦਵਾਈ ਲਿਖ ਕੇ ਦੇਣ, ਜਿਸ 'ਤੇ ਡਾਕਟਰ ਨਾਲ ਉਸ ਦੀ ਬਹਿਸ ਹੋ ਗਈ ਅਤੇ ਮਾਮਲਾ ਤੂਲ ਫੜ ਗਿਆ। 
ਡਾ. ਗਰੇਵਾਲ ਨੇ ਦੋਸ਼ ਲਾਇਆ ਕਿ ਰਾਕੇਸ਼ ਕਪੂਰ ਨੇ ਉਨ੍ਹਾਂ ਦੀ ਮੇਜ਼ 'ਤੇ ਲੱਤ ਮਾਰੀ ਅਤੇ ਉਨ੍ਹਾਂ ਨੂੰ ਧੱਕੇ ਮਾਰੇ ਅਤੇ ਧਮਕੀਆਂ ਦਿੱਤੀਆਂ। ਸਿਵਲ ਹਸਪਤਾਲ 'ਚ ਮੈਡੀਕਲ ਦੇ ਸਪੈਸ਼ਲਿਸ਼ਟ ਅਤੇ ਆਈ. ਐੱਮ. ਏ. ਦੇ ਪ੍ਰਧਾਨ ਡਾ. ਅਵਿਨਾਸ਼ ਜਿੰਦਲ ਨੇ ਕਿਹਾ ਕਿ ਡਾਕਟਰ ਨਾਲ ਦੁਰਵਿਵਹਾਰ ਕੀਤਾ ਗਿਆ, ਜਿਸ 'ਤੇ ਸਾਰੇ ਡਾਕਟਰਾਂ ਨੇ ਕਲਮਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਅਤੇ ਦੋਸ਼ੀ 'ਤੇ ਮਾਮਲਾ ਦਰਜ ਕਰਨ ਤੱਕ ਮਰੀਜ਼ ਨਾ ਦੇਖਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਦੁਪਹਿਰ ਬਾਅਦ ਪੁਲਸ ਵੱਲੋਂ ਮਾਮਲਾ ਦਰਜ ਕਰਨ 'ਤੇ ਡਾਕਟਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ। 
ਮਰੀਜ਼ ਹੋਏ ਪ੍ਰੇਸ਼ਾਨ, ਵਾਪਸ ਮੁੜੇ 
ਡਾਕਟਰਾਂ ਵੱਲੋਂ ਕਲਮਛੋੜ ਹੜਤਾਲ ਕਰਨ 'ਤੇ ਅੱਜ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਡਾਕਟਰਾਂ ਨੇ ਓ. ਪੀ. ਡੀ. 'ਚ ਮਰੀਜ਼ ਨਹੀਂ ਦੇਖੇ, ਜਦਕਿ ਐਮਰਜੈਂਸੀ 'ਚ ਵੀ ਉਨ੍ਹਾਂ ਮਰੀਜ਼ਾਂ ਨੂੰ ਦੇਖਿਆ ਗਿਆ, ਜੋ ਬਹੁਤ ਗੰਭੀਰ ਸਥਿਤੀ 'ਚ ਸਨ। ਇਕ ਵਿਅਕਤੀ ਰਾਮਦੀਨ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਦਿਖਾਉਣ ਲਈ ਸਵੇਰ ਤੋਂ ਸਿਵਲ ਹਸਪਤਾਲ ਆਇਆ ਹੈ, ਉਸ ਦੀ ਪਤਨੀ ਦੇ ਪੇਟ 'ਚ ਦਰਦ ਹੈ ਪਰ ਡਾਕਟਰ ਉਸ ਦੀ ਪਤਨੀ ਨੂੰ ਦੇਖਣ ਨੂੰ ਰਾਜ਼ੀ ਨਹੀਂ। ਉਸ ਦੀ ਪਤਨੀ ਦਰਦ ਨਾਲ ਹਾਲੋ ਬੇਹਾਲ ਹੋ ਰਹੀ ਹੈ। ਕਈ ਮਰੀਜ਼ ਹਸਪਤਾਲ 'ਚ ਡਾਕਟਰਾਂ ਦੀ ਹੜਤਾਲ ਦੇਖ ਕੇ ਨਿੱਜੀ ਡਾਕਟਰਾਂ ਕੋਲ ਇਲਾਜ ਲਈ ਚਲੇ ਗਏ ਤਾਂ ਕੁਝ ਦੁਪਹਿਰ ਤੱਕ ਬੈਠੇ ਰਹੇ। 
ਡਾਕਟਰ ਵਿਰੁੱਧ ਦਿੱਤੀ ਸ਼ਿਕਾਇਤ
ਸ਼ਿਵ ਸੈਨਾ ਨੇਤਾ ਰਾਕੇਸ਼ ਕਪੂਰ ਦੀ ਪਤਨੀ ਸ਼ਿਵਾਨੀ ਕਪੂਰ ਨੇ ਪੁਲਸ 'ਚ ਡਾਕਟਰ ਖਿਲਾਫ ਸ਼ਿਕਾਇਤ ਦੇ ਕੇ ਉਸ 'ਤੇ ਕਾਰਵਾਈ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਅਤੇ ਇਕ ਹੋਰ ਰਿਸ਼ਤੇਦਾਰ ਕੁਲਦੀਪ ਭਾਟੀਆ ਨੇ ਕਿਹਾ ਕਿ ਪੁਲਸ ਨੇ ਇਕ ਪਾਸੜ ਕੇਸ ਦਰਜ ਕੀਤਾ ਹੈ। ਝਗੜਾ ਅਤੇ ਬਹਿਸ ਤਾਂ ਦੋ ਲੋਕਾਂ ਦੇ ਵਿਚ ਹੋਈ ਪੁਲਸ ਨੇ ਮਾਮਲਾ ਇਕ ਵਿਅਕਤੀ ਵਿਰੁੱਧ ਦਰਜ ਕੀਤਾ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਸੁਰੱਖਿਆ ਕਰਮਚਾਰੀਆਂ ਅਤੇ ਪੁਲਸ ਨੇ ਮਾਮਲਾ ਸ਼ਾਂਤ ਕਰਾ ਕੇ ਉਸ ਦੇ ਪਤੀ ਨੂੰ ਵਾਪਸ ਭੇਜ ਦਿੱਤਾ ਸੀ ਪਰ ਸਵੇਰੇ ਉਨ੍ਹਾਂ ਨੂੰ ਬੁਲਾ ਕੇ ਮਾਮਲਾ ਦਰਜ ਕਰ ਲਿਆ ਗਿਆ, ਜਦਕਿ ਕੁਝ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਪਤੀ ਦੀ ਉਕਤ ਡਾਕਟਰ ਨਾਲ ਕਿਸੇ ਗੱਲ 'ਤੇ ਬਹਿਸ ਹੋ ਗਈ ਸੀ।


Related News