ਪਿਸਟਲ ਦੀ ਨੋਕ ''ਤੇ ਰੈਸਟੋਰੈਂਟ ਮਾਲਕ ਤੋਂ ਖੋਹੀ ਕਾਰ ਬਰਾਮਦ

11/21/2017 2:10:15 AM

ਅੰਮ੍ਰਿਤਸਰ, (ਸੰਜੀਵ)- ਪਿਸਟਲ ਦੇ ਜ਼ੋਰ 'ਤੇ ਰੈਸਟੋਰੈਂਟ ਮਾਲਕ ਪਤਵਿੰਦਰ ਸਿੰਘ ਤੋਂ ਖੋਹੀ ਗਈ ਵਰਨਾ ਕਾਰ ਜ਼ਿਲਾ ਪੁਲਸ ਨੇ ਜੰਡਿਆਲਾ-ਤਰਨਤਾਰਨ ਬਾਈਪਾਸ ਤੋਂ ਬਰਾਮਦ ਕਰ ਲਈ ਹੈ, ਜਿਸ ਨੂੰ ਲੁਟੇਰੇ ਸੜਕ 'ਤੇ ਛੱਡ ਕੇ ਫਰਾਰ ਹੋ ਚੁੱਕੇ ਸਨ। ਕਾਰ ਇਸ ਹੱਦ ਤੱਕ ਨੁਕਸਾਨੀ ਜਾ ਚੁੱਕੀ ਹੈ ਜਿਸ ਨੂੰ ਵੇਖ ਇਹ ਸਾਫ਼ ਹੋ ਰਿਹਾ ਸੀ ਕਿ ਕਾਰ ਨਾਲ ਕੋਈ ਹਾਦਸਾ ਹੋਇਆ ਹੈ। ਪੁਲਸ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਵੀ ਲੁਟੇਰੇ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਜਦੋਂ ਕਿ ਇਹ ਦਾਅਵਾ ਕਰ ਰਹੀ ਹੈ ਕਿ ਪੁਲਸ ਨੂੰ ਮਿਲੇ ਸੁਰਾਗਾਂ ਤੋਂ ਪੁਲਸ ਛੇਤੀ ਹੀ ਲੁਟੇਰਿਆਂ ਤੱਕ ਪੁੱਜ ਜਾਵੇਗੀ। 
ਕੀ ਕਹਿਣਾ ਹੈ ਏ. ਡੀ. ਸੀ. ਪੀ.  ਦਾ ?  : ਏ. ਡੀ. ਸੀ. ਪੀ.  ਲਖਬੀਰ ਸਿੰਘ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਬਾਅਦ ਤੋਂ ਹੀ ਜ਼ਿਲੇ ਦੀਆਂ ਵੱਖ-ਵੱਖ ਟੀਮਾਂ ਲੁਟੇਰਿਆਂ ਦਾ ਸੁਰਾਗ ਲਾ ਰਹੀਆਂ ਸਨ, ਜਿਵੇਂ ਹੀ ਉਨ੍ਹਾਂ ਨੂੰ ਜੰਡਿਆਲਾ-ਤਰਨਤਾਰਨ ਬਾਈਪਾਸ 'ਤੇ ਕਾਰ ਖੜ੍ਹੀ ਹੋਣ ਦਾ ਸੁਰਾਗ ਮਿਲਿਆ ਤਾਂ ਜ਼ਿਲਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਕਬਜ਼ੇ ਵਿਚ ਲੈ ਲਿਆ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਤੋਂ ਬਾਅਦ ਲੁਟੇਰੇ ਕਾਰ ਲੈ ਕੇ ਲੁਕ ਗਏ ਸਨ ਅਤੇ ਸੂਰਜ ਢਲਦੇ ਹੀ ਰਾਤ ਨੂੰ ਲੁਟੇਰਿਆਂ ਨੇ ਗੱਡੀ ਨੂੰ ਤਰਨਤਾਰਨ ਵੱਲ ਲਿਜਾਇਆ ਗਿਆ। ਬਾਈਪਾਸ 'ਤੇ ਕਿਸੇ ਹਾਦਸੇ ਤੋਂ ਬਾਅਦ ਉਹ ਕਾਰ ਮੌਕੇ 'ਤੇ ਹੀ ਛੱਡ ਕੇ ਉੱਥੋਂ ਭੱਜ ਨਿਕਲੇ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਲੁਟੇਰੇ ਨਸ਼ੇ 'ਚ ਹੋਣ ਕਾਰਨ ਹਾਦਸਾ ਹੋਇਆ ਹੈ। ਹਾਦਸੇ ਦੌਰਾਨ ਇਕ ਲੁਟੇਰੇ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ, ਜਿਸ 'ਤੇ ਪੁਲਸ ਉਸ ਰੋਡ ਦੇ ਹਸਪਤਾਲਾਂ ਨੂੰ ਵੀ ਫਰੋਲ ਰਹੀ ਹੈ।  ਜ਼ਿਕਰਯੋਗ ਹੈ ਕਿ ਰੈਸਟੋਰੈਂਟ ਮਾਲਕ ਪਤਵਿੰਦਰ ਸਿੰਘ ਸ਼ਨੀਵਾਰ ਸਵੇਰੇ 6 ਵਜੇ ਆਪਣੀ ਪਤਨੀ ਨੂੰ ਚੰਡੀਗੜ੍ਹ ਦੀ ਬੱਸ ਵਿਚ ਬਿਠਾ ਕੇ ਵਾਪਸ ਹੋਲੀ ਸਿਟੀ ਆਪਣੇ ਘਰ ਨੂੰ ਪਰਤ ਰਿਹਾ ਸੀ ਕਿ ਰਸਤੇ ਵਿਚ ਉਸ ਦਾ ਪਿੱਛਾ ਕਰ ਰਹੀ ਕਾਰ ਵਿਚ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕਿਆ ਅਤੇ ਪਿਸਟਲ ਦੇ ਜ਼ੋਰ 'ਤੇ ਕਾਰ ਖੋਹੀ ਸੀ। ਲੁਟੇਰੇ ਪਤਵਿੰਦਰ ਸਿੰਘ ਨੂੰ ਵੀ ਆਪਣੇ ਨਾਲ ਬਿਠਾ ਲੈ ਗਏ ਸਨ, ਜਿਸ ਨੂੰ ਵੇਰਕਾ ਬਾਈਪਾਸ 'ਤੇ ਉਤਾਰ ਦਿੱਤਾ ਗਿਆ ਸੀ। 


Related News