ਸਮੁੰਦਰ ਕਿਨਾਰੇ ਤੋਂ 130 ਕਰੋੜ ਰੁਪਏ ਮੁੱਲ ਦੀ ਕੋਕੀਨ ਦੇ 13 ਪੈਕੇਟ ਬਰਾਮਦ
Wednesday, Jun 05, 2024 - 04:16 PM (IST)
ਗਾਂਧੀਧਾਮ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਗਾਂਧੀਧਾਮ ਸ਼ਹਿਰ ਕੋਲ ਇਕ ਖਾੜੀ ਖੇਤਰ ਤੋਂ ਕੋਕੀਨ ਦੇ 13 ਲਾਵਾਰਸ ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ 130 ਕਰੋੜ ਰੁਪਏ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੱਛ-ਪੂਰਬੀ ਡਿਵੀਜ਼ਨ ਦੇ ਪੁਲਸ ਸੁਪਰਡੈਂਟ ਸਾਗਰ ਬਾਗਮਾਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਸਕਰਾਂ ਨੇ ਫੜੇ ਜਾਣ ਤੋਂ ਬਚਣ ਲਈ ਨਸ਼ੀਲੇ ਪਦਾਰਥ ਨੂੰ ਸਮੁੰਦਰ ਦੇ ਕਿਨਾਰੇ ਲੁਕਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 8 ਮਹੀਨਿਆਂ 'ਚ ਉਸੇ ਖਾੜੀ ਖੇਤਰ ਤੋਂ ਇਹ ਨਸ਼ੀਲੇ ਪਦਾਰਥ ਦੀ ਦੂਜੀ ਵੱਡੀ ਬਰਾਮਦਗੀ ਹੈ। ਉਨ੍ਹਾਂ ਕਿਹਾ,''ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਅਤੇ ਵਿਸ਼ੇਸ਼ ਮੁਹਿੰਮ ਸਮੂਹ ਦੀ ਇਕ ਸਾਂਝੀ ਟੀਮ ਨੇ ਗਾਂਧੀਧਾਮ ਸ਼ਹਿਰ ਕੋਲ ਮੀਠੀ ਰੋਹਰ ਪਿੰਡ ਤੋਂ ਲੰਘਣ ਵਾਲੇ ਕ੍ਰੀਕ ਖੇਤਰ ਤੋਂ 130 ਕਰੋੜ ਰੁਪਏ ਮੁੱਲ ਦੀ ਕੋਕੀਨ ਦੇ 13 ਲਾਵਾਰਸ ਪੈਕੇਟ ਬਰਾਮਦ ਕੀਤੇ।''
ਬਾਗਮਾਰ ਨੇ ਕਿਹਾ ਕਿ ਇਸ ਪਾਬੰਦੀਸ਼ੁਦਾ ਸਮੱਗਰੀ ਨੂੰ ਤਸਕਰਾਂ ਨੇ ਸਮੁੰਦਰ ਦੇ ਕਿਨਾਰੇ ਲੁਕਾ ਦਿੱਤਾ ਸੀ ਅਤੇ ਇਹ ਪੈਕੇਟ ਪਿਛਲੇ ਸਾਲ ਸਤੰਬਰ 'ਚ ਉਸੇ ਇਲਾਕੇ ਤੋਂ ਬਰਾਮਦ ਕੀਤੇ ਗਏ ਪੈਕੇਟ ਦੇ ਸਾਮਾਨ ਹਨ। ਉਨ੍ਹਾਂ ਕਿਹਾ ਕਿ ਏ.ਟੀ.ਐੱਸ. ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸੁਪਰਡੈਂਟ (ਏ.ਟੀ.ਐੱਸ.) ਸੁਨੀਲ ਜੋਸ਼ੀ ਨੇ ਕਿਹਾ,''ਅਸੀਂ ਕੱਛ 'ਚ ਗਾਂਧੀਧਾਮ ਕੋਲ ਇਕ ਖਾੜੀ ਖੇਤਰ ਤੋਂ ਤੜਕੇ ਕੋਕੀਨ ਦੇ 13 ਲਾਵਾਰਸ ਪੈਕੇਟ ਬਰਾਮਦ ਕੀਤੇ ਹਨ। ਹਰ ਪੈਕੇਟ ਦਾ ਭਾਰ ਇਕ ਕਿਲੋਗ੍ਰਾਮ ਹੈ। ਅਸੀਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।'' ਪਿਛਲੇ ਸਾਲ ਸਤੰਬਰ 'ਚ ਕੱਛ-ਪੂਰਬੀ ਪੁਲਸ ਨੇ ਉਸੇ ਖੇਤਰ ਤੋਂ ਕੋਕੀਨ ਦੇ 80 ਲਾਵਾਰਸ ਪੈਕੇਟ ਬਰਾਮਦ ਕੀਤੇ ਸਨ, ਜਿਨ੍ਹਾਂ 'ਚੋਂ ਹਰੇਕ ਦਾ ਭਾਰ ਇਕ ਕਿਲੋਗ੍ਰਾਮ ਸੀ। ਅੰਤਰਰਾਸ਼ਟਰੀ ਬਜ਼ਾਰ 'ਚ ਉਸ ਦੀ ਕੀਮਤ 800 ਕਰੋੜ ਰੁਪਏ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e