ਇਟਲੀ : ਗੋਰੇ ਮਾਲਕ ਦੀ ਤਸ਼ਦੱਤ ਦਾ ਸ਼ਿਕਾਰ ਹੋਇਆ ਪੰਜਾਬੀ ਜੋੜਾ

Wednesday, Jun 19, 2024 - 04:35 PM (IST)

ਇਟਲੀ : ਗੋਰੇ ਮਾਲਕ ਦੀ ਤਸ਼ਦੱਤ ਦਾ ਸ਼ਿਕਾਰ ਹੋਇਆ ਪੰਜਾਬੀ ਜੋੜਾ

ਰੋਮ (ਦਲਵੀਰ ਕੈਂਥ/ਸਾਬੀ ਚੀਨੀਆ)- ਇਟਲੀ ਵਿੱਚ ਪ੍ਰਵਾਸੀਆਂ ਨੂੰ ਕੰਮ ਦੇ ਕੇ ਮਾਲਕਾਂ ਵੱਲੋ ਕੀਤੇ ਜਾਂਦੇ ਸ਼ੋਸ਼ਣ ਦੀਆਂ ਖਬਰਾਂ ਨਵੀਆਂ ਨਹੀਂ ਹਨ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਜਿਨਾਂ ਵਿੱਚ ਇਟਾਲੀਅਨ ਮਾਲਕਾਂ ਵੱਲੋਂ ਕੱਚੇ ਪੰਜਾਬੀ ਬੰਦਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਪਰ ਬੀਤੇ ਦਿਨ ਦੱਖਣੀ ਇਟਲੀ ਦੇ ਜ਼ਿਲ੍ਹਾ ਲਾਤੀਨਾ ਅੰਦਰ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਰੂਹ ਕੰਬਾਊ ਘਟਨਾ ਵਾਪਰਨ ਦਾ ਸਮਾਚਾਰ ਸਾਹਮਣੇ ਆਇਆ। ਪੰਜਾਬ ਦੇ ਮੋਗਾ ਨਾਲ ਸੰਬੰਧਿਤ ਸਤਨਾਮ ਸਿੰਘ ਆਪਣੀ ਪਤਨੀ ਨਾਲ ਬਿਨਾਂ ਪੇਪਰਾਂ ਤੋਂ ਇਸ ਇਲਾਕੇ ਵਿੱਚ ਰਹਿ ਰਿਹਾ ਸੀ ਅਤੇ ਇੱਕ ਇਟਾਲੀਅਨ ਮਾਲਕ ਦੇ ਘਰ ਵਿੱਚ ਦੋਵੇਂ ਪਤੀ-ਪਤਨੀ ਕੰਮ ਕਰਦੇ ਸਨ। ਕੰਮ ਦੌਰਾਨ ਵਾਪਰੇ ਇਕ ਹਾਦਸੇ ਵਿੱਚ ਸਤਨਾਮ ਸਿੰਘ ਦੀ ਇੱਕ ਬਾਂਹ ਕੱਟੀ ਗਈ ਅਤੇ ਸਰੀਰ ਨਾਲੋਂ ਵੱਖ ਹੋ ਗਈ। ਉਸ ਨਿਰਦਈ ਇਟਾਲੀਅਨ ਮਾਲਕ ਨੇ ਬਜਾਏ ਇਸ ਦੇ ਕੇ ਸਤਨਾਮ ਸਿੰਘ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਂਦਾ, ਉਸ ਨੇ ਨਿਰਦਈਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਸਤਨਾਮ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਬੁਰੀ ਤਰ੍ਹਾਂ ਜ਼ਖਮੀ ਅਤੇ ਖੂਨ ਨਾਲ ਲਥਪਥ ਹਾਲਤ ਵਿੱਚ ਉਸਦੇ ਘਰ ਪਹੁੰਚਾ ਦਿੱਤਾ ਅਤੇ ਉਸ ਦੀ ਬਾਂਹ ਵੀ ਇੱਕ ਲਿਫਾਫੇ ਵਿੱਚ ਪਾ ਕੇ ਨਾਲ ਹੀ ਪਹੁੰਚਾ ਦਿੱਤੀ ਗਈ।
ਸ਼ਾਇਦ ਇਟਾਲੀਅਨ ਮਾਲਕ ਦੇ ਮਨ ਵਿੱਚ ਡਰ ਸੀ ਕਿ ਸਤਨਾਮ ਸਿੰਘ ਕੋਲ ਪੱਕੇ ਪੇਪਰ ਨਾ ਹੋਣ ਕਾਰਨ ਪੁਲਸ ਵੱਲੋਂ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਉਸ ਵੇਲੇ ਨੇੜੇ ਰਹਿੰਦੇ ਪੰਜਾਬੀ ਭਾਈਚਾਰੇ ਦੇ ਵੀਰਾਂ ਵੱਲੋਂ ਐਂਬੂਲੈਂਸ ਨੂੰ ਫੋਨ ਕਰਕੇ ਮੁੱਢਲੀ ਸਹਾਇਤਾ ਲਈ ਬੁਲਾਇਆ ਗਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਹੈਲੀ ਐਂਬੂਲੈਂਸ ਰਾਹੀਂ ਸਤਨਾਮ ਸਿੰਘ ਨੂੰ ਰੋਮ ਦੇ ਇੱਕ ਵੱਡੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਅਜੇ ਵੀ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੀਆਂ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਤਨਾਮ ਸਿੰਘ ਨੂੰ ਉਸ ਦਾ ਹੱਕ ਦਿਵਾਉਣ ਅਤੇ ਇਟਾਲੀਅਨ ਮਾਲਕ ਨੂੰ ਸਜ਼ਾ ਦਵਾਉਣ ਲਈ 25 ਜੂਨ ਮੰਗਲਵਾਰ ਨੂੰ ਦੁਪਹਿਰ 3.00 ਵਜੇ ਲਾਤੀਨਾ ਵਿਖੇ ਇੱਕ ਬਹੁਤ ਹੀ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇਨਸਾਨੀਅਤ ਨੂੰ ਖੇਰੂ-ਖੇਰੂ ਕਰਦੀ ਇਸ ਘਟਨਾ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।

ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਹੈ। ਇਸ ਘਟਨਾ ਦੀ ਤਿੱਖੀ ਨਿਖੇਧੀ ਤੇ ਦੁੱਖ ਪ੍ਰਗਟ ਕਰਦੇ ਗੁਰਮੁੱਖ ਸਿੰਘ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਲਾਸੀਓ ਸੂਬੇ ਵਿੱਚ ਰਹਿਣ ਵਾਲੇ ਸਾਰੇ ਭਾਈਚਾਰੇ ਤੇ ਧਾਰਮਿਕ ਸੰਸਥਾਵਾਂ ਨੂੰ  ਅਪੀਲ ਕੀਤੀ ਹੈ ਕਿ ਇਸ ਰੋਸ ਮਾਰਚ ਰੋਸ ਰੈਲੀ ਵਿੱਚ ਜਰੂਰ ਪਹੁੰਚਣ ਤਾਂ ਜੋ ਸਤਨਾਮ ਸਿੰਘ ਨੂੰ ਇਨਸਾਫ ਦਵਾਇਆ ਜਾ ਸਕੇ।


author

Aarti dhillon

Content Editor

Related News