ਟੈਕਸੀ ਖੋਹਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ, ਖੋਹੀ ਹੋਈ ਕਾਰ ਵੀ ਬਰਾਮਦ
Saturday, Jun 22, 2024 - 01:48 PM (IST)

ਖਰੜ (ਅਮਰਦੀਪ) : ਥਾਣਾ ਘੜੂੰਆਂ ਪੁਲਸ ਵੱਲੋਂ ਬੀਤੇ ਦਿਨੀਂ ਇੱਕ ਟੈਕਸੀ ਡਰਾਈਵਰ ਤੋਂ ਕਾਰ ਖੋਹ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਖਰੜ-1 ਕਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਜੂਨ ਦੀ ਰਾਤ ਨੂੰ ਕੁਸ਼ਯਾਦਵ ਵਾਸੀ ਸੈਕਟਰ 56 ਚੰਡੀਗੜ੍ਹ ਯੂ. ਟੀ. ਜੋ ਕਿ ਟੈਕਸੀ ਚਲਾਉਂਦਾ ਹੈ। ਰਾਤ ਕਰੀਬ 12 ਵਜੇ ਪਿੰਡ ਭਾਗੋਮਾਜਰਾ ਤੋਂ ਪਿੰਡ ਪੀਰ ਸੋਹਾਣਾ ਨੂੰ ਜਾਂਦੇ ਰੋਡ ਤੋਂ ਨਾਮਾਲੂਮ ਵਿਅਕਤੀਆਂ ਵੱਲੋਂ ਖੋਹ ਕੀਤੀ ਗਈ ਸੀ।
ਜਿਸ ਸਬੰਧੀ 379 ਬੀ, 34 ਤਹਿਤ ਥਾਣਾ ਸਦਰ ਖਰੜ ਵਿਖੇ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਸੀ। ਥਾਣਾ ਘੜੂੰਆ ਪੁਲਸ ਵੱਲੋਂ ਉਕੱਤ ਗੱਡੀ ਨੂੰ ਕੁੱਝ ਹੀ ਘੰਟਿਆਂ 'ਚ ਬਰਾਮਦ ਕਰਕੇ ਮੁਲਜ਼ਮ ਅੰਮ੍ਰਿਤਪਾਲ ਸ਼ਰਮਾ ਉਰਫ਼ ਮੋਹਰ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ, ਧਰਮਿੰਦਰ ਸ਼ਰਮਾ ਉਰਫ਼ ਵਿੱਕੀ ਵਾਸੀ ਗੁਰੂ ਤੇਗ ਬਹਾਦਰ ਨਗਰ ਬਰਨਾਲਾ, ਹਰਪ੍ਰੀਤ ਸਿੰਘ ਉਰਫ਼ ਡੁੱਡੀ ਵਾਸੀ ਬਰਨਾਲਾ ਹਾਲ ਵਾਸੀ ਰਸੂਲਪੁਰ ਕੋਠੇ ਬਰਨਾਲਾ ਅਤੇ ਹਰਜੀਤ ਕੁਮਾਰ ਉਰਫ਼ ਹੈਪੀ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਮੁਲਜ਼ਮਾਂ ਵੱਲੋਂ ਹੋਰ ਇੱਕ ਟੈਕਸੀ ਡਰਾਈਵਰ ਤੋਂ ਪੈਸਿਆਂ ਦੀ ਖੋਹ ਕੀਤੀ ਗਈ ਸੀ, ਜਿਸ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।