ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ : ਦੋਸ਼ੀ ਮਾਲਕ ਅਨਤੋਨੇਲੋ ਲੋਵਾਤੋ ਵਿਰੁੱਧ ਪੁਲਸ ਵਲੋਂ ਕੇਸ ਦਰਜ

Friday, Jun 21, 2024 - 05:44 PM (IST)

ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ : ਦੋਸ਼ੀ ਮਾਲਕ ਅਨਤੋਨੇਲੋ ਲੋਵਾਤੋ ਵਿਰੁੱਧ ਪੁਲਸ ਵਲੋਂ ਕੇਸ ਦਰਜ

ਰੋਮ (ਦਲਵੀਰ ਕੈਂਥ)- ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ 'ਚ ਇਕ ਖੇਤ 'ਚ ਕੰਮ ਕਰਦੇ ਸਮੇਂ ਹਾਦਸੇ 'ਚ ਮਾਰੇ ਗਏ ਭਾਰਤੀ ਨੌਜਵਾਨ ਸਤਨਾਮ ਸਿੰਘ (31) ਦੀ ਲਾਸ਼ ਦਾ ਹੁਣ ਪੋਸਟਮਾਰਟਮ ਹੋਵੇਗਾ, ਕਿਉਂਕਿ ਇਹ ਮਾਮਲਾ ਹੁਣ ਇਟਲੀ ਦੀ ਕੇਂਦਰ ਸਰਕਾਰ ਕੋਲ ਪਹੁੰਚ ਗਿਆ ਹੈ। ਪੀੜਤ ਬੀਤੇਂ ਦਿਨ ਰੋਮ ਦੇ ਸੰਨ ਕਾਮੀਲੋ ਹਸਪਤਾਲ ਵਿਖੇ ਜ਼ਖ਼ਮਾਂ ਦਾ ਦਰਦ ਨਾ ਸਹਾਰਦੇ ਹੋਏ ਦਮ ਤੋੜ ਗਿਆ ਸੀ। ਮਰਹੂਮ ਆਪਣੀ ਪਤਨੀ ਨਾਲ ਇਟਲੀ 'ਚ ਗੈਰ-ਕਾਨੂੰਨੀ ਰਹਿੰਦਾ ਅਤੇ ਕੰਮ ਕਰਦਾ ਸੀ। ਇਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ ਕਿਉਂ ਬੀਤੇ ਦਿਨੀ ਜਦੋਂ ਕੰਮ ਦੌਰਾਨ ਉਸ ਦੀ ਬਾਂਹ ਵੱਢੀ ਗਈ ਤਾਂ ਉਸ ਦੇ ਕੰਮ ਵਾਲੇ ਮਾਲਕ ਅਨਤੋਨੇਲੋ ਲੋਵਾਤੋ ਨੇ ਆਪ ਕਾਨੂੰਨ ਦੀ ਮਾਰ ਤੋਂ ਬਚਣ ਲਈ ਖੂਨ ਨਾਲ ਲੱਥ-ਪੱਥ ਸਤਨਾਮ ਸਿੰਘ ਨੂੰ ਉਸ ਦੀ ਵੱਢੀ ਬਾਂਹ ਸਮੇਤ ਘਰ ਦੇ ਬਾਹਰ ਕੂੜੇ ਵਾਂਗਰ ਸੁੱਟ ਕੇ ਚਲਾ ਗਿਆ। ਉੱਥੇ ਹੀ ਅਨਤੋਨੇਲੋ ਲੋਵਾਤੋ ਨੂੰ ਨਹੀਂ ਪਤਾ ਸੀ ਕਿ ਉਸ ਵਲੋਂ ਕੀਤਾ ਗਿਆ ਇਹੀ ਰਵੱਈਆ ਉਸ ਲਈ ਗਲੇ ਦਾ ਫੰਦਾ ਬਣ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ : ਇਟਲੀ ਦੇ ਸਾਬਕਾ PM ਜੁਸੇਪੇ ਕੌਂਟੇ ਨੇ ਕੀਤੀ ਇਨਸਾਫ਼ ਦੀ ਮੰਗ

ਅਸਿੱਧੇ ਤੌਰ ਤੇ ਹੋਏ ਪ੍ਰਵਾਸੀ ਸਤਨਾਮ ਸਿੰਘ ਦੇ ਕਤਲ ਨਾਲ ਇਸ ਵਕਤ ਇਟਲੀ ਚੁਫੇਰੇ ਇਨਸਾਫ਼ ਪੰਸਦ ਲੋਕਾਂ ਦੀਆਂ ਚੀਖ਼ਾਂ ਨਾਲ ਗੂੰਜ ਰਹੀ ਹੈ। ਜਿਸ ਦੀ ਆਵਾਜ਼ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜ਼ੀਆ ਮੇਲੋਨੀ ਤੱਕ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਸਾਰੇ ਘਟਨਾਕ੍ਰਮ ਨੂੰ ਗੈਰ-ਬਰਾਬਰਤਾ ਅਤੇ ਅਣਮਨੁੱਖੀ ਵਿਵਹਾਰ ਦੱਸਿਆ ਹੈ ਅਤੇ ਕਥਿਤ ਦੋਸ਼ੀ ਉੱਪਰ ਕਾਰਵਾਈ ਦਾ ਯਕੀਨ ਦਿੱਤਾ ਹੈ। ਜਿਸ ਦੇ ਚੱਲਦਿਆ ਹੁਣ ਸਥਾਨਕ ਪੁਲਸ ਨੇ ਮ੍ਰਿਤਕ ਸਤਨਾਮ ਸਿੰਘ ਦੀ ਮੌਤ ਦੇ ਕਥਿਤ ਦੋਸ਼ੀ ਮੁੱਖ ਕਸੂਰਵਾਰ  ਅਨਤੋਨੇਲੋ ਲੋਵਾਤੋ ਵਿਰੁੱਧ ਕਤਲੇਆਮ, ਅਨਿਯਮਿਤ ਕੰਮ ਅਤੇ ਵਿਵਸਥਾਵਾਂ ਦੀ ਉਲੰਘਣਾ ਅਤੇ ਗੈਰ-ਜ਼ਿੰਮੇਵਾਰ ਹੋਣ ਸੰਬਧੀ ਧਰਾਵਾਂ ਤਹਿਤ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਇਟਲੀ ਦੀ ਨਾਮੀ ਮਜ਼ਦੂਰ ਜੱਥੇਬੰਦੀ ਸੀ.ਜੀ.ਆਈ., ਗੁਰਦੁਆਰਾ ਸਿੰਘ ਸਭਾ ਨਵੀਂ ਇਮਾਰਤ ਪੁਨਤੀਨੀਆ, ਏਕ ਨੂਰ ਇੰਡੀਅਨ ਕਮਿਊਨਿਟੀ ਲਾਸੀਓ ਅਤੇ ਸਮਾਜ ਸੇਵੀ ਮਾਰਕੋ ਮਜੋਲੋ ਇਟਾਲੀਅਨ ਵੱਲੋਂ ਸਾਂਝੇ ਤੌਰ ਤੇ 22 ਜੂਨ ਦਿਨ ਸ਼ਨੀਵਾਰ ਸ਼ਾਮ 5 ਵਜੇ ਲਾਤੀਨਾ ਵਿਖੇ ਮਰਹੂਮ ਸਤਨਾਮ ਸਿੰਘ ਨੂੰ ਮੋਮਬੱਤੀਆਂ ਜਗਾ ਸ਼ਰਧਾਜਲੀ ਦਿੱਤੀ ਜਾਵੇਗੀ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News