ਓਲੰਪਿਕ ਲਈ ਰਾਈਫਲ ਤੇ ਪਿਸਟਲ ਟੀਮ ਐਲਾਨ, ਮਨੂ ਭਾਕਰ ਦੋ ਪ੍ਰਤੀਯੋਗਿਤਾਵਾਂ ਵਿਚ ਲਵੇਗੀ ਹਿੱਸਾ
Tuesday, Jun 11, 2024 - 09:36 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਨਿਸ਼ਾਨੇਬਾਜ਼ੀ ਸੰਘ ਨੇ ਪੈਰਿਸ ਓਲੰਪਿਕ ਲਈ ਮੰਗਲਵਾਰ ਨੂੰ 15 ਮੈਂਬਰੀ ਰਾਈਫਲ ਤੇ ਪਿਸਟਲ ਟੀਮ ਦਾ ਐਲਾਨ ਕੀਤਾ, ਜਿਸ ਵਿਚ ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਇਕੱਲੀ ਅਜਿਹੀ ਖਿਡਾਰਨ ਹੈ ਜਿਹੜੀ ਦੋ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਵੇਗੀ। ਟੀਮ ਵਿਚ 8 ਰਾਈਫਲ ਤੇ 7 ਪਿਸਟਲ ਨਿਸ਼ਾਨੇਬਾਜ਼ ਸ਼ਾਮਲ ਹਨ। ਚੋਣ ਕਮੇਟੀ ਨੇ ਟ੍ਰਾਇਲਾਂ ਦੇ ਨਤੀਜਿਆਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ, ਜਿਸ ਵਿਚ ਵਿਸ਼ਵ ਚੈਂਪੀਅਨ ਰੁਦ੍ਰਾਕਸ਼ ਪਾਟਿਲ ਵਰਗੇ ਨਿਸ਼ਾਨੇਬਾਜ਼ਾਂ ਲਈ ਦਰਵਾਜ਼ੇ ਬੰਦ ਹੋ ਗਏ ਹਨ। ਪਾਟਿਲ ਆਪਣੀ ਪਸੰਦੀਦਾ 10 ਮੀਟਰ ਏਅਰ ਰਾਈਫਲ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਪਰ ਇਸ ਦੇ ਬਾਵਜੂਦ ਉਹ ਓਲੰਪਿਕ ਟੀਮ ਵਿਚ ਸ਼ਾਮਲ ਕਰਨ ਦੀ ਗੁਹਾਰ ਲਾ ਰਿਹਾ ਸੀ ਕਿਉਂਕਿ ਉਸ ਨੇ ਕੋਟਾ ਹਾਸਲ ਕੀਤਾ ਸੀ। ਨਿਸ਼ਾਨੇਬਾਜ਼ੀ ਵਿਚ ਕੋਈ ਵਿਅਕਤੀਗਤ ਖਿਡਾਰੀ ਨਹੀਂ ਸਗੋਂ ਦੇਸ਼ ਨੂੰ ਕੋਟਾ ਦਿੱਤਾ ਜਾਂਦਾ ਹੈ। ਟੋਕੀਓ ਓਲੰਪਿਕ ਲਈ ਭਾਰਤ ਨੇ 15 ਕੋਟਾ ਸਥਾਨ ਹਾਸਲ ਕੀਤੇ ਹਨ। ਪੈਰਿਸ ਓਲੰਪਿਕ ਲਈ ਭਾਰਤ ਦੀ ਰਾਈਫਲ ਤੇ ਪਿਸਟਲ ਨਿਸ਼ਾਨੇਬਾਜ਼ੀ ਟੀਮ ਇਸ ਤਰ੍ਹਾਂ ਹੈ-
ਰਾਈਫਲ : ਸੰਦੀਪ ਸਿੰਘ, ਅਰਜੁਨ ਬਬੂਤਾ (10 ਮੀਟਰ ਏਅਰ ਰਾਈਫਲ ਪੁਰਸ਼), ਐਲਾਵੇਨਿਲ ਵਲਾਰਿਵਨ, ਰਮਿਤਾ (10 ਮੀਟਰ ਏਅਰ ਰਾਈਫਲ ਮਹਿਲਾ), ਸਿਫਤ ਕੌਰ ਸਮਰਾ, ਅੰਜੁਮ ਮੌਦਗਿਲ (50 ਮੀਟਰ ਰਾਈਫਲ 3 ਪੋਜ਼ੀਸ਼ਨ ਮਹਿਲਾ), ਐਸ਼ਵਰਿਆ ਤੋਮਰ, ਸਵਪਨਿਲ ਕੁਸਾਲੇ (50ਮੀਟਰ ਰਾਈਫਲ 3 ਪੋਜ਼ੀਸ਼ਨ ਪੁਰਸ਼)।
ਪਿਸਟਲ : ਸਰਬਜੋਤ ਸਿੰਘ, ਅਰਜੁਨ ਚੀਮਾ (10 ਮੀਟਰ ਏਅਰ ਪਿਸਟਲ ਪੁਰਸ਼), ਮਨੂ ਭਾਕਰ, ਰਿਧਮ ਸਾਂਗਵਾਨ (10 ਮੀਟਰ ਏਅਰ ਪਿਸਟਲ ਮਹਿਲਾ), ਅਨੀਸ਼ ਭਾਨਵਾਲ ਵਿਜਯਵੀਰ ਸਿੱਧੂ (25 ਮੀਟਰ ਆਰ. ਐੱਫ. ਪੀ. ਪੁਰਸ਼), ਮਨੂ ਭਾਕਰ, ਇਸ਼ਾ ਸਿੰਘ (25 ਮੀਟਰ ਪਿਸਟਲ ਮਹਿਲਾ)।